ਹਰਿਆਣਾ ਦੇ ਛੜਿਆਂ ਲਈ ਵੱਡੀ ਖਬਰ! CM ਖੱਟਰ ਵੱਲੋਂ ਪੈਨਸ਼ਨ ਦੇਣ ਦਾ ਐਲਾਨ

ਹਰਿਆਣਾ ਦੇ ਛੜਿਆਂ ਲਈ ਵੱਡੀ ਖਬਰ! CM ਖੱਟਰ ਵੱਲੋਂ ਪੈਨਸ਼ਨ ਦੇਣ ਦਾ ਐਲਾਨ

ਹਰਿਆਣਾ ਵਿਚ ਜਲਦੀ ਹੀ ਅਣਵਿਆਹੇ ਲੋਕਾਂ ਨੂੰ ਪੈਨਸ਼ਨ ਮਿਲੇਗੀ। ਸੀਐਮ ਮਨੋਹਰ ਲਾਲ ਖੱਟਰ ਨੇ ਜਨ ਸੰਵਾਦ ਪ੍ਰੋਗਰਾਮ ਦੌਰਾਨ 60 ਸਾਲ ਦੇ ਬਜ਼ੁਰਗ ਦੀ ਮੰਗ 'ਤੇ ਇਹ ਫੈਸਲਾ ਲਿਆ ਹੈ। 45 ਤੋਂ 60 ਸਾਲ ਦੀ ਉਮਰ ਦੇ ਅਣਵਿਆਹੇ ਮਰਦ ਅਤੇ ਔਰਤਾਂ ਨੂੰ ਇਸ ਦਾ ਲਾਭ ਮਿਲੇਗਾ।ਹਾਲਾਂਕਿ, ਪੈਨਸ਼ਨ ਸਿਰਫ ਉਨ੍ਹਾਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਤੋਂ ਘੱਟ ਹੋਵੇਗੀ। ਮੁੱਖ ਮੰਤਰੀ ਦਫ਼ਤਰ ਵਲੋਂ ਤਿਆਰ ਕੀਤੀ ਗਈ ਰਿਪੋਰਟ ਮੁਤਾਬਕ ਇਸ ਸਕੀਮ ਤੋਂ 1.25 ਲੱਖ ਅਣਵਿਆਹੇ ਲੋਕਾਂ ਨੂੰ ਪੈਨਸ਼ਨ ਦਾ ਲਾਭ ਮਿਲੇਗਾ।

ਇਸ ਸਬੰਧੀ ਮੁੱਖ ਮੰਤਰੀ ਪਹਿਲਾਂ ਹੀ ਅਧਿਕਾਰੀਆਂ ਨਾਲ ਮੀਟਿੰਗ ਕਰ ਚੁੱਕੇ ਹਨ। ਹਰਿਆਣਾ ਸਰਕਾਰ ਇਸ ਯੋਜਨਾ ਨੂੰ ਇੱਕ ਮਹੀਨੇ ਦੇ ਅੰਦਰ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਹਰਿਆਣਾ ਅਜਿਹਾ ਕਰਨ ਵਾਲਾ ਪਹਿਲਾ ਸੂਬਾ ਬਣ ਜਾਵੇਗਾ।

ਹਰਿਆਣਾ ਵਿਚ ਮੌਜੂਦਾ ਸਮੇਂ ਵਿਚ ਬੁਢਾਪਾ, ਵਿਧਵਾ ਅਤੇ ਅੰਗਹੀਣਾਂ ਨੂੰ ਪੈਨਸ਼ਨ ਦਿਤੀ ਜਾਂਦੀ ਹੈ। ਹਰਿਆਣਾ ਸਰਕਾਰ ਬੌਣੇ ਲੋਕਾਂ ਅਤੇ ਕਿੰਨਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਦੇ ਨਾਲ ਹੀ ਸਰਕਾਰ ਵਲੋਂ 45 ਤੋਂ 60 ਸਾਲ ਤੱਕ 2,750 ਰੁਪਏ ਦੀ ਵਿੱਤੀ ਸਹਾਇਤਾ ਸਿਰਫ਼ ਧੀਆਂ ਵਾਲੇ ਮਾਪਿਆਂ ਵਿਚੋਂ ਕਿਸੇ ਇੱਕ ਦੀ ਮੌਤ ਹੋਣ 'ਤੇ ਦਿਤੀ ਜਾਂਦੀ ਹੈ। ਸਰਕਾਰੀ ਸੂਤਰਾਂ ਮੁਤਾਬਕ ਸਰਕਾਰ ਅਣਵਿਆਹੇ ਲੋਕਾਂ ਨੂੰ ਵੀ 2750 ਰੁਪਏ ਦੀ ਪੈਨਸ਼ਨ ਦੇ ਸਕਦੀ ਹੈ।