- Updated: June 01, 2026 12:45 PM
ਸੁਪਰੀਮ ਕੋਰਟ ਵਿਚ 5 ਨਵੇਂ ਜੱਜ ਨਿਯੁਕਤ ਕੀਤੇ ਗਏ ਹਨ। ਸੀਜੇਆਈ ਸੂਰਯਕਾਂਤ ਦੀ ਅਗਵਾਈ ਵਾਲੇ ਕਾਲਜੀਅਮ ਨੇ ਹੁਣੇ ਜਿਹੇ 5 ਨਾਵਾਂ ਦੀ ਸਿਫਾਰਸ਼ ਰਾਸ਼ਟਰਪਤੀ ਨੂੰ ਭੇਜੀ ਸੀ। ਇਨ੍ਹਾਂ ਵਿਚ 4 ਵੱਖ-ਵੱਖ ਹਾਈਕੋਰਟ ਦੇ ਮੁੱਖ ਜੱਜ ਸ਼ਾਮਲ ਹਨ ਜਦੋਂ ਕਿ ਇਕ ਸੀਨੀਅਰ ਵਕੀਲ ਦਾ ਨਾਂ ਵੀ ਸੂਚੀ ਵਿਚ ਸ਼ਾਮਲ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਨ੍ਹਾਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਹੈ। ਇਸ ਦੀ ਜਾਣਕਾਰੀ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਦਿੱਤੀ ਹੈ।
ਨਵੇਂ ਨਿਯੁਕਤ ਹੋਏ ਜੱਜਾਂ ਵਿਚ ਜਸਟਿਸ ਸ਼ੀਲ ਨਾਗੂ (ਚੀਫ਼ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ), ਜਸਟਿਸ ਸ਼੍ਰੀ ਚੰਦਰਸ਼ੇਖਰ (ਚੀਫ਼ ਜਸਟਿਸ ਬੰਬੇ ਹਾਈ ਕੋਰਟ), ਜਸਟਿਸ ਸੰਜੀਵ ਸਚਦੇਵਾ (ਚੀਫ਼ ਜਸਟਿਸ ਮੱਧ ਪ੍ਰਦੇਸ਼ ਹਾਈ ਕੋਰਟ), ਜਸਟਿਸ ਅਰੁਣ ਪੱਲੀ (ਚੀਫ਼ ਜਸਟਿਸ ਜੰਮੂ-ਕਸ਼ਮੀਰ ਤੇ ਲੱਦਾਖ ਹਾਈ ਕੋਰਟ) ਤੇ ਸੀਨੀਅਰ ਵਕੀਲ ਵੈਂਕਟਾ ਸੁਬਰਾਮਨੀ ਮੋਹਨਾ ਵੀ ਸ਼ਾਮਲ ਹਨ। ਵੀ. ਸੁਬਰਾਮਨੀ ਮੋਹਨਾ ਉਨ੍ਹਾਂ ਚੁਣੇ ਹੋਏ ਲੋਕਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਵਕਾਲਤ ਤੋਂ ਸਿੱਧੇ ਸੁਪਰੀਮ ਕੋਰਟ ਦੇ ਜੱਜ ਬਣਨ ਤੱਕ ਦਾ ਸਫਰ ਤੈਅ ਕੀਤਾ ਹੈ। ਉਹ ਅਜਿਹੇ ਪਰਿਵਾਰ ਵਿਚ ਜਨਮੀ ਜਿਸ ਦਾ ਕਾਨੂੰਨ ਦੇ ਪੇਸ਼ੇ ਨਾਲ ਕੋਈ ਸਬੰਧ ਨਹੀਂ ਸੀ।
ਦੱਸ ਦੇਈਏ ਕਿ ਕੇਂਦਰੀ ਮੰਤਰੀ ਮੰਡਲ ਨੇ 5 ਮਈ ਨੂੰ ਸੁਪਰੀਮ ਕੋਰਟ ਵਿਚ ਜੱਜਾਂ ਦੀ ਗਿਣਤੀ 33 ਤੋਂ ਵਧਾ ਕੇ 37 ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਸਰਕਾਰ ਸੰਸਦ ਦੇ ਅਗਲੇ ਸੈਸ਼ਨ ਵਿਚ ਇਸ ਨਾਲ ਸਬੰਧਤ ਬਿਲ ਪੇਸ਼ ਕਰੇਗੀ। ਮੰਤਰੀ ਮੰਡਲ ਦੀ ਮਨਜ਼ੂਰੀ ਦੇ ਬਾਅਦ 1956 ਦੇ ਸਬੰਧਤ ਕਾਨੂੰਨ ਵਿਚ ਸੋਧ ਕੀਤਾ ਜਾਵੇਗਾ।