ਤਰਨ ਤਾਰਨ ਦੇ ਪੱਟੀ ਵਿੱਚ ਵਾਹਨਾਂ ਨੂੰ ਤੋਲਣ ਨੂੰ ਲੈ ਕੇ ਹੋਈ ਗੋਲੀਬਾਰੀ

ਤਰਨ ਤਾਰਨ ਦੇ ਪੱਟੀ ਵਿੱਚ ਵਾਹਨਾਂ ਨੂੰ ਤੋਲਣ ਨੂੰ ਲੈ ਕੇ ਹੋਈ ਗੋਲੀਬਾਰੀ

ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਇਲਾਕੇ ਵਿੱਚ ਵਾਹਨਾਂ ਦੇ ਤੋਲ-ਮਾਪ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਈ ਮਾਮੂਲੀ ਬਹਿਸ ਜਲਦੀ ਹੀ ਹਿੰਸਾ ਵਿੱਚ ਬਦਲ ਗਈ। ਇਹ ਵਿਵਾਦ ਇੰਨਾ ਵਧ ਗਿਆ ਕਿ ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲਣ ਲੱਗ ਪਈਆਂ। ਚਸ਼ਮਦੀਦ ਗਵਾਹਾਂ ਅਨੁਸਾਰ, ਘਟਨਾ ਵਾਲੀ ਥਾਂ 'ਤੇ ਕਰੀਬ 15 ਤੋਂ 16 ਰਾਊਂਡ ਫਾਇਰ ਕੀਤੇ ਗਏ, ਜਿਸ ਨਾਲ ਭਗਦੜ ਮੱਚ ਗਈ ਅਤੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ, ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ। ਉਸ ਦੀ ਪਛਾਣ ਬਿੱਲਾ ਪਹਿਲਵਾਨ ਵਜੋਂ ਹੋਈ ਹੈ, ਜੋ ਵੱਡੀ ਮੰਡੀ ਪੱਟੀ ਦਾ ਰਹਿਣ ਵਾਲਾ ਹੈ ਅਤੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਜ਼ਖ਼ਮੀ ਹੋਣ ਤੋਂ ਬਾਅਦ ਲੋਕਾਂ ਨੇ ਇੱਟਾਂ-ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਮੁਲਜ਼ਮ ਉੱਥੋਂ ਭੱਜ ਗਏ।

ਕਣਕ ਨਾਲ ਭਰਿਆ ਇੱਕ ਟਰੱਕ ਪੱਟੀ ਸਥਿਤ FCI ਦੇ ਗੋਦਾਮ ਤੋਂ ਪੱਟੀ ਰੇਲਵੇ ਸਟੇਸ਼ਨ ਵੱਲ ਜਾ ਰਿਹਾ ਸੀ ਤਾਂ ਜੋ ਇਸ ਨੂੰ ਮਾਲ ਗੱਡੀ ਵਿੱਚ ਲੱਦਿਆ ਜਾ ਸਕੇ; ਇਸ ਦੌਰਾਨ, ਪੱਟੀ ਦੇ ਖੇਮਕਰਨ ਰੋਡ 'ਤੇ ਸਥਿਤ ਇੱਕ ਵੇ-ਬ੍ਰਿਜ (ਕੰਡੇ) 'ਤੇ ਲੋਡਿੰਗ ਪ੍ਰਕਿਰਿਆ ਲਈ ਟਰੱਕਾਂ ਦੀ ਕਤਾਰ ਲੱਗੀ ਹੋਈ ਸੀ। ਜਿਥੇ ਦੋ ਧਿਰਾਂ ਵਿਚਕਾਰ ਬਹਿਸ ਹੋ ਗਈ। ਇਹ ਝਗੜਾ ਇੰਨਾ ਵਧ ਗਿਆ ਕਿ ਦੋਵਾਂ ਧਿਰਾਂ ਨੇ ਹਥਿਆਰ ਕੱਢ ਲਏ ਅਤੇ ਖੁੱਲ੍ਹੇਆਮ ਗੋਲੀਬਾਰੀ ਸ਼ੁਰੂ ਹੋ ਗਈ। ਗੋਲੀਆਂ ਦੀ ਆਵਾਜ਼ ਸੁਣ ਕੇ ਨੇੜਲੇ ਦੁਕਾਨਦਾਰ ਅਤੇ ਰਾਹਗੀਰ ਆਪਣੀਆਂ ਜਾਨਾਂ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਸੂਤਰਾਂ ਨੇ ਮੁਲਜ਼ਮ ਦੀ ਪਛਾਣ ਸ਼ੇਰਾ ਸਿੰਘ ਵਜੋਂ ਕੀਤੀ ਹੈ।

ਘਟਨਾ ਬਾਰੇ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚ ਗਈ। ਫਿਲਹਾਲ ਇਸ ਗੱਲ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਕਿ ਗੋਲੀਬਾਰੀ ਵਿੱਚ ਕੋਈ ਜ਼ਖ਼ਮੀ ਹੋਇਆ ਹੈ ਜਾਂ ਨਹੀਂ। ਪੁਲਿਸ ਝਗੜੇ ਵਿੱਚ ਸ਼ਾਮਲ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਨ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੇ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।