ਕੁੜੀਆਂ ਨਾਲ ਗਲਤ ਕੰਮ ਕਰਨ ਵਾਲਾ ਪੰਜਾਬੀ ਕੈਨੇਡਾ ''ਚ ਗ੍ਰਿਫਤਾਰ, ਸ਼ਰਮ ਨਾਲ ਝੁਕਾ ''ਤਾ ਸਿਰ

ਕੁੜੀਆਂ ਨਾਲ ਗਲਤ ਕੰਮ ਕਰਨ ਵਾਲਾ ਪੰਜਾਬੀ ਕੈਨੇਡਾ ''ਚ ਗ੍ਰਿਫਤਾਰ, ਸ਼ਰਮ ਨਾਲ ਝੁਕਾ ''ਤਾ ਸਿਰ

ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਪੰਜਾਬੀ ਵਿਅਕਤੀ ਵੱਲੋਂ ਪੰਜਾਬੀ ਭਾਈਚਾਰੇ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ ਗਿਆ ਹੈ। ਬਰੈਂਪਟਨ ਪੁਲਸ ਨੇ ਤਜਿੰਦਰ ਧਾਲੀਵਾਲ (ਤਾਲੀਵਾਲ) ਨਾਮ ਦੇ ਇਕ ਵਿਅਕਤੀ ਨੂੰ ਭੋਲੀਆਂ-ਭਾਲੀਆਂ ਕੁੜੀਆਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਗੰਭੀਰ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਤਜਿੰਦਰ ਨੇ ਨੌਕਰੀਆਂ ਲਈ ਇਸ਼ਤਿਹਾਰ ਦਿੱਤੇ ਹੋਏ ਸਨ ਅਤੇ ਖਾਸ ਤੌਰ 'ਤੇ ਕੁੜੀਆਂ ਦੀ ਡਿਮਾਂਡ ਕੀਤੀ ਸੀ। ਜਦੋਂ ਕੁੜੀਆਂ ਕੰਮ ਦੀ ਭਾਲ ਵਿੱਚ ਉਸ ਕੋਲ ਪਹੁੰਚਦੀਆਂ ਸਨ, ਤਾਂ ਉਹ ਨੌਕਰੀ ਦੇਣ ਦੇ ਬਦਲੇ ਉਨ੍ਹਾਂ ਤੋਂ ਸਰੀਰਕ ਸਬੰਧ ਬਣਾਉਣ ਦੀ ਮੰਗ ਕਰਦਾ ਸੀ। ਉਹ ਕੁੜੀਆਂ 'ਤੇ ਇਸ ਕੰਮ ਲਈ ਲਗਾਤਾਰ ਦਬਾਅ ਪਾਉਂਦਾ ਅਤੇ ਉਨ੍ਹਾਂ ਨੂੰ ਮਜਬੂਰ ਕਰਦਾ ਸੀ।

ਇਸ ਘਿਨਾਉਣੇ ਕਾਰੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਦੋ ਕੁੜੀਆਂ ਉਸ ਕੋਲ ਨੌਕਰੀ ਲੈਣ ਲਈ ਗਈਆਂ ਸਨ। ਤਜਿੰਦਰ ਵੱਲੋਂ ਜਦੋਂ ਇੱਕ ਲੜਕੀ 'ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਇਆ ਗਿਆ, ਤਾਂ ਉਸ ਬਹਾਦਰ ਕੁੜੀ ਨੇ ਡਰਨ ਦੀ ਬਜਾਏ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਸ਼ਿਕਾਇਤ ਮਿਲਦੇ ਹੀ ਬਰੈਂਪਟਨ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਜਿੰਦਰ ਨੂੰ ਗ੍ਰਿਫਤਾਰ ਕਰ ਲਿਆ।

ਬਰੈਂਪਟਨ ਪੁਲਸ ਵੱਲੋਂ ਮੁਲਜ਼ਮ ਤਜਿੰਦਰ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ। ਪੁਲਸ ਨੇ ਕਿਹਾ ਹੈ ਕਿ ਜੇਕਰ ਇਸ ਵਿਅਕਤੀ ਨੇ ਕਿਸੇ ਹੋਰ ਵੀ ਮਹਿਲਾ ਜਾਂ ਕੁੜੀ ਨਾਲ ਅਜਿਹੀ ਕੋਈ ਹਰਕਤ ਕੀਤੀ ਹੈ, ਤਾਂ ਉਹ ਬਿਨਾਂ ਕਿਸੇ ਡਰ ਦੇ ਸਾਹਮਣੇ ਆਉਣ ਅਤੇ ਇਸ ਦੇ ਖਿਲਾਫ ਆਪਣੀ ਸ਼ਿਕਾਇਤ ਦਰਜ ਕਰਵਾਉਣ।

ਦੱਸਣਯੋਗ ਹੈ ਕਿ ਵਿਦੇਸ਼ਾਂ ਵਿੱਚ ਅਕਸਰ ਪੰਜਾਬੀ ਕੁੜੀਆਂ ਆਪਣੇ ਆਪ ਨੂੰ ਪੰਜਾਬੀ ਨੌਜਵਾਨਾਂ ਦੇ ਆਲੇ-ਦੁਆਲੇ ਸੁਰੱਖਿਅਤ ਮਹਿਸੂਸ ਕਰਦੀਆਂ ਹਨ, ਪਰ ਅਜਿਹੀਆਂ ਘਟਨਾਵਾਂ ਭਾਈਚਾਰੇ ਦੇ ਅਕਸ ਨੂੰ ਗੰਭੀਰ ਸੱਟ ਪਹੁੰਚਾਉਂਦੀਆਂ ਹਨ।