''ਆਪ'' ਉਮੀਦਵਾਰ ਡਿੰਪੀ ਢਿੱਲੋਂ ਨੂੰ ਚੋਣ ਕਮਿਸ਼ਨ ਨੇ ਭੇਜਿਆ ਨੋਟਿਸ, ਕਾਂਗਰਸ ਵੱਲੋਂ ਦਿੱਤੀ ਗਈ ਸੀ ਸ਼ਿਕਾਇਤ

''ਆਪ'' ਉਮੀਦਵਾਰ ਡਿੰਪੀ ਢਿੱਲੋਂ ਨੂੰ ਚੋਣ ਕਮਿਸ਼ਨ ਨੇ ਭੇਜਿਆ ਨੋਟਿਸ, ਕਾਂਗਰਸ ਵੱਲੋਂ ਦਿੱਤੀ ਗਈ ਸੀ ਸ਼ਿਕਾਇਤ

ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ। ਉਸ ਨੂੰ 24 ਘੰਟਿਆਂ ਅੰਦਰ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਕਾਂਗਰਸ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ।

ਜਦਕਿ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਅਤੇ ਕਾਂਗਰਸੀ ਆਗੂ ਅਰਮਿੰਦਰ ਸਿੰਘ ਰਾਜਾ ਵੜਿੰਗ ਨੇ ਜਾਰੀ ਕੀਤੇ ਨੋਟਿਸ ਦਾ ਜਵਾਬ ਦਾਖ਼ਲ ਕਰ ਦਿੱਤਾ ਹੈ। ਸੂਬੇ ਦੀਆਂ 4 ਵਿਧਾਨ ਸਭਾ ਸੀਟਾਂ ਡੇਰਾ ਬਾਬਾ ਨਾਨਕ, ਗਿੱਦੜਬਾਹਾ, ਚੱਬੇਵਾਲ ਅਤੇ ਬਰਨਾਲਾ ਵਿੱਚ 20 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਇਨ੍ਹਾਂ ਸੀਟਾਂ ਦੇ ਵਿਧਾਇਕਾਂ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਇਹ ਖਾਲੀ ਹੋ ਗਈ ਸੀ।

ਇਸ ਸਬੰਧੀ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਚੋਣ ਏਜੰਟ ਵਿਪਨ ਕੁਮਾਰ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਗਈ ਸੀ। ਦੋਸ਼ ਲਾਇਆ ਗਿਆ ਸੀ ਕਿ ‘ਆਪ’ ਵੱਲੋਂ ਛਾਪੇ ਗਏ ਪੋਸਟਰਾਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀਆਂ ਤਸਵੀਰਾਂ ਸ਼ਾਮਲ ਹਨ।

ਨਾਲ ਹੀ, ਦੋਵਾਂ ਦੇ ਚਿਹਰੇ 'ਤੇ ਕਾਲੇ ਕਰਾਸ ਹਨ। ਰਿਟਰਨਿੰਗ ਅਫ਼ਸਰ ਨੇ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਬਿਨਾਂ ਪ੍ਰਵਾਨਗੀ ਪੋਸਟਰਾਂ 'ਤੇ ਤਸਵੀਰਾਂ ਨਹੀਂ ਲਗਾਈਆਂ ਜਾ ਸਕਦੀਆਂ। ਅਜਿਹੇ ਪੋਸਟਰਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਹਟਾਉਣ ਲਈ ਕਿਹਾ ਗਿਆ ਹੈ। ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਚੋਣ ਪ੍ਰਚਾਰ ਦੌਰਾਨ ਨੌਕਰੀਆਂ ਦਾ ਵਾਅਦਾ ਕਰਨ ਅਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਸਜਿਦਾਂ ਵਿੱਚ ਜਾ ਕੇ ਪ੍ਰਚਾਰ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਸਨ। ਦੋਵਾਂ ਧਿਰਾਂ ਨੇ ਆਪਣੇ ਜਵਾਬ ਦਾਖ਼ਲ ਕੀਤੇ ਹਨ। ਵੜਿੰਗ ਦੇ ਜਵਾਬ ਵਿੱਚ ਮਸਜਿਦ ਕਮੇਟੀ ਦੇ ਮੁਖੀ ਅਤੇ ਮੌਲਵੀ ਨੇ ਬਿਆਨ ਦਿੱਤੇ ਹਨ। ਜਦੋਂਕਿ ਮਨਪ੍ਰੀਤ ਬਾਦਲ ਵੱਲੋਂ ਜਵਾਬ ਵਿੱਚ ਕਿਹਾ ਗਿਆ ਹੈ ਕਿ ਉਹ ਨੌਕਰੀਆਂ ਬਾਰੇ ਸਲਾਹ ਦੇ ਰਹੇ ਸਨ। ਵਾਇਰਲ ਵੀਡੀਓ ਦੇ ਨਾਲ ਤਕਨੀਕੀ ਤੌਰ 'ਤੇ ਛੇੜਛਾੜ ਕੀਤੀ ਗਈ ਹੈ। ਮਨਪ੍ਰੀਤ ਦੇ ਹੱਕ ਵਿੱਚ ਦੋ ਗਵਾਹਾਂ ਨੇ ਜਵਾਬ ਦਿੱਤਾ ਹੈ।