‘ਪੰਜਾਬ ਦੇ ਕਿਸਾਨਾਂ ਲਈ ਵਰਲਡ ਬੈਂਕ ਅੱਗੇ ਆਏ’, ਅਜੈ ਬੰਗਾ ਨੂੰ ਸੂਬਾ BJP ਪ੍ਰਧਾਨ ਢਿੱਲੋਂ ਨੇ ਲਿਖੀ ਚਿੱਠੀ

‘ਪੰਜਾਬ ਦੇ ਕਿਸਾਨਾਂ ਲਈ ਵਰਲਡ ਬੈਂਕ ਅੱਗੇ ਆਏ’, ਅਜੈ ਬੰਗਾ ਨੂੰ ਸੂਬਾ BJP ਪ੍ਰਧਾਨ ਢਿੱਲੋਂ ਨੇ ਲਿਖੀ ਚਿੱਠੀ

ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵਰਲਡ ਬੈਂਕ ਗਰੁੱਪ ਦੇ ਪ੍ਰਧਾਨ ਅਜੇ ਬੰਗਾ ਨੂੰ ਇੱਕ ਅਧਿਕਾਰਤ ਪੱਤਰ ਲਿਖਿਆ ਹੈ। 23 ਜੂਨ ਨੂੰ ਲਿਖੇ ਇਸ ਪੱਤਰ ਵਿੱਚ ਉਨ੍ਹਾਂ ਨੇ ਪੰਜਾਬ ਦੇ ਨੌਜਵਾਨ ਕਿਸਾਨਾਂ ਨੂੰ ਲੈ ਕੇ ਅਜੇ ਬੰਗਾ ਵੱਲੋਂ ਹਾਲ ਹੀ ਵਿਚ ਦਿੱਤੇ ਗਏ ਬਿਆਨ ‘ਤੇ ਜ਼ਮੀਨੀ ਹਕੀਕਤ ਦਾ ਹਵਾਲਾ ਦਿੰਦੇ ਹੋਏ ਇਤਰਾਜ ਪ੍ਰਗਟਾਇਆ ਅਤੇ ਕਿਸਾਨਾਂ ਦੇ ਪੱਖ ਵਿਚ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਕਿਸਾਨ ਸ਼ੌਂਕ ਨਾਲ ਨਹੀਂ, ਮਜਬੂਰੀ ਵਿਚ ਜ਼ਮੀਨ ਵੇਚ ਰਹੇ ਹਨ।

ਅਜੇ ਬੰਗਾ ਨੂੰ ਪਿਆਰ ਨਾਲ “ਬੰਗਾ ਜੀ” ਅਤੇ “ਸਤਿ ਸ੍ਰੀ ਅਕਾਲ” ਕਹਿ ਕੇ ਸੰਬੋਧਿਤ ਕਰਦੇ ਹੋਏ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੀਡੀਆ ਵਿੱਚ ਉਨ੍ਹਾਂ ਦੀਆਂ ਟਿੱਪਣੀਆਂ ਨੇ ਪੰਜਾਬ ਦੇ ਲੋਕਾਂ, ਖਾਸ ਕਰਕੇ ਨੌਜਵਾਨ ਕਿਸਾਨਾਂ ਵਿੱਚ ਕਾਫ਼ੀ ਗੁੱਸਾ ਅਤੇ ਨਿਰਾਸ਼ਾ ਪੈਦਾ ਕੀਤੀ ਹੈ। ਵਿਸ਼ਵ ਬੈਂਕ ਗਰੁੱਪ ਦੇ ਪ੍ਰਧਾਨ ਅਜੇ ਬੰਗਾ ਨੇ ਇੱਕ ਵਿਦੇਸ਼ੀ ਚੈਨਲ ਨਾਲ ਇੰਟਰਵਿਊ ਵਿੱਚ ਪੰਜਾਬ ਦੇ ਨੌਜਵਾਨ ਕਿਸਾਨਾਂ ‘ਤੇ ਟਿੱਪਣੀ ਕੀਤੀ ਸੀ।

                        Image

ਪੰਜਾਬ ਦੇ ਨੌਜਵਾਨਾਂ ਅਤੇ ਖੇਤੀਬਾੜੀ ਅਰਥਵਿਵਸਥਾ ਪ੍ਰਤੀ ਚਿੰਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਨੌਜਵਾਨ ਥੋੜ੍ਹੇ ਸਮੇਂ ਲਈ SUV ਵਰਗੇ ਵਾਹਨ ਖਰੀਦਣ ਲਈ ਆਪਣੀ ਜੱਦੀ ਖੇਤੀ ਵਾਲੀ ਜ਼ਮੀਨ ਵੇਚ ਦਿੰਦੇ ਹਨ, ਪਰ ਚਾਰ ਸਾਲਾਂ ਦੇ ਅੰਦਰ ਜਦੋਂ ਉਨ੍ਹਾਂ ਕੋਲ ਪੈਸੇ ਖਤਮ ਹੋ ਜਾਂਦੇ ਹਨ, ਤਾਂ ਉਹ ਸੰਘਰਸ਼ ਕਰਦੇ ਹਨ ਅਤੇ ਗਿਗ ਵਰਕਰ ਬਣ ਜਾਂਦੇ ਹਨ।

ਕੇਵਲ ਸਿੰਘ ਢਿੱਲੋਂ ਨੇ ਲਿਖਿਆ ਕਿ ਪੰਜਾਬ ਦੇ ਕਿਸਾਨ ਪੂਰੇ ਦੇਸ਼ ਵਿੱਚ ਸਭ ਤੋਂ ਮਿਹਨਤੀ ਅਤੇ ਦਲੇਰ ਹਨ। ਕਿਸਾਨਾਂ ਦੀਆਂ ਤਿੰਨ ਪੀੜ੍ਹੀਆਂ ਨੇ ਆਪਣੀ ਜਾਨ ਜਾਂ ਜ਼ਮੀਨ ਦੀ ਪਰਵਾਹ ਕੀਤੇ ਬਿਨਾਂ ਪੂਰੇ ਦੇਸ਼ ਨੂੰ ਖੁਆਇਆ ਹੈ। ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ਾਂ ਨੂੰ ਇੱਕ ਹੀ ਚਸ਼ਮੇ ਨਾਲ ਦੇਖਣਾ ਗਲਤ ਹੈ। ਅੱਜ, ਉਨ੍ਹਾਂ ਨੂੰ ਸਾਡੀ ਹਮਦਰਦੀ ਅਤੇ ਇੱਕ ਸਹੀ ਹੱਲ ਦੀ ਲੋੜ ਹੈ। ਜਿਹੜੇ ਪਿੰਡ ਵਾਸੀ ਆਪਣੀ ਜ਼ਮੀਨ ਵੇਚ ਰਹੇ ਹਨ ਉਹ ਕੋਈ ਸ਼ੌਂਕ ਨਹੀਂ ਹੈ, ਸਗੋਂ ਮਜਬੂਰੀ ਹਨ। ਉਨ੍ਹਾਂ ਕੋਲ ਖੇਤੀ ਤੋਂ ਇਲਾਵਾ ਆਮਦਨ ਦਾ ਕੋਈ ਹੋਰ ਜਰੀਆ ਨਹੀਂ ਹੈ, ਨਾ ਹੀ ਉਨ੍ਹਾਂ ਨੂੰ ਨਵੇਂ ਕੰਮ ਸਿੱਖਣ ਲਈ ਕੋਈ ਟ੍ਰੇਨਿੰਗ ਜਾਂ ਸਹੀ ਸਲਾਹ ਮਿਲ ਰਹੀ ਹੈ।

ਇੱਕ ਪੰਜਾਬੀ ਹੋਣ ਦੇ ਨਾਤੇ ਕੇਵਲ ਸਿੰਘ ਢਿੱਲੋਂ ਨੇ ਵਿਸ਼ਵ ਬੈਂਕ ਦੇ ਪ੍ਰਧਾਨ ਨੂੰ ਪੰਜਾਬ ਦੇ ਪਿੰਡਾਂ ਨੂੰ ਬਦਲਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਵਿਸ਼ਵ ਬੈਂਕ ਨੂੰ ਕਿਸਾਨਾਂ ਨੂੰ ਨਵੀਆਂ ਫਸਲਾਂ ਉਗਾਉਣ, ਪਿੰਡਾਂ ਵਿੱਚ ਨਵੇਂ ਕਾਰੋਬਾਰ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਕਿਸਾਨ ਪਰਿਵਾਰਾਂ ਦੇ ਬੱਚਿਆਂ ਨੂੰ ਨਵੇਂ ਹੁਨਰ ਸਿਖਾਉਣ ਅਤੇ ਉਨ੍ਹਾਂ ਨੂੰ ਆਪਣੇ ਪੈਸੇ ਦੀ ਸਮਝਦਾਰੀ ਨਾਲ ਵਰਤੋਂ ਕਰਨ ਲਈ ਮਾਰਗਦਰਸ਼ਨ ਕਰਨ ਲਈ ਫੰਡ ਪ੍ਰਦਾਨ ਕਰਨ ਵਿੱਚ ਉਨ੍ਹਾਂ ਦਾ ਸਮਰਥਨ ਕਰਨ ਲਈ ਕਿਹਾ।