''ਡੇਢ ਲੱਖ ਦੇ ਕੇ ਆ ਗਿਆ ਛੁਟ ਕੇ'' ਗੀਤ ''ਤੇ ਨੌਜਵਾਨ ਨੇ ਥਾਣੇ ''ਚ ਬਣਾਈ ਰੀਲ, ਵਾਇਰਲ ਹੋਣ ''ਤੇ ਪੁਲਿਸ ਨੇ ਲਿਆ ਚੱਕ

''ਡੇਢ ਲੱਖ ਦੇ ਕੇ ਆ ਗਿਆ ਛੁਟ ਕੇ'' ਗੀਤ ''ਤੇ ਨੌਜਵਾਨ ਨੇ ਥਾਣੇ ''ਚ ਬਣਾਈ ਰੀਲ, ਵਾਇਰਲ ਹੋਣ ''ਤੇ ਪੁਲਿਸ ਨੇ ਲਿਆ ਚੱਕ

ਅੰਮ੍ਰਿਤਸਰ 'ਚ ਇਕ ਨੌਜਵਾਨ ਨੂੰ ਥਾਣੇ 'ਚ ਵੀਡੀਓ ਬਣਾਉਣਾ ਮਹਿੰਗਾ ਪਿਆ। ਨੌਜਵਾਨ ਨੇ ਵੀਡੀਓ ਨੂੰ ਐਡਿਟ ਕੀਤਾ, ਇੱਕ ਗਾਣਾ ਲਗਾਇਆ ਅਤੇ ਇਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤਾ। ਨੌਜਵਾਨ ਦੀ ਇਸ ਰੀਲ ਨੇ ਪੁਲਿਸ ਦੇ ਸੋਸ਼ਲ ਮੀਡੀਆ ਵਿੰਗ ਦਾ ਧਿਆਨ ਖਿੱਚਿਆ। ਜਿਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਦੀ ਪਹਿਚਾਣ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।

ਮਾਮਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਅਧੀਨ ਪੈਂਦੇ ਥਾਣਾ ਤਰਸਿੱਕਾ ਦਾ ਹੈ। ਨੌਜਵਾਨ ਦੀ ਪਛਾਣ ਤਰਸਿੱਕਾ ਅਧੀਨ ਪੈਂਦੇ ਪਿੰਡ ਰਾਏਪੁਰ ਖੁਰਦ ਦੇ ਸਨਪ੍ਰੀਤ ਸਿੰਘ ਉਰਫ ਸੰਨੀ ਵਜੋਂ ਹੋਈ ਹੈ। ਸੰਨੀ ਨੇ ਪੁਲਿਸ ਨੂੰ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਹ ਆਪਣਾ ਚਰਿੱਤਰ ਸਰਟੀਫਿਕੇਟ ਲੈਣ ਲਈ ਤਰਸਿੱਕਾ ਥਾਣੇ ਆਇਆ ਸੀ।

ਕੰਮ ਪੂਰਾ ਹੋਣ ਤੋਂ ਬਾਅਦ ਉਸ ਦੇ ਦੋਸਤ ਗਗਨਦੀਪ ਸਿੰਘ ਨੇ ਬਾਹਰ ਆਉਂਦੇ ਹੋਏ ਇਹ ਵੀਡੀਓ ਬਣਾਈ। ਇਹ ਵੀਡੀਓ ਕਰੀਬ 2 ਸਾਲ ਤੱਕ ਉਸ ਦੇ ਮੋਬਾਈਲ 'ਚ ਰਹੀ। ਕੱਲ੍ਹ ਹੀ, ਉਸ ਨੇ ਗੀਤ ਲਗਾ ਕੇ ਇਹ ਵੀਡੀਓ ਪੋਸਟ ਕੀਤੀ।

ਸੰਨੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਸੋਸ਼ਲ ਮੀਡੀਆ ਸਰਵੀਲੈਂਸ ਟੀਮ ਨੇ ਇਹ ਵੀਡੀਓ ਵਾਇਰਲ ਹੁੰਦਾ ਦੇਖ ਲਿਆ। ਪੁਲਿਸ ਨੇ ਵੀਡੀਓ ਪੋਸਟ ਕਰਨ ਵਾਲੇ ਵਿਅਕਤੀ ਦਾ ਡਾਟਾ ਕੱਢ ਲਿਆ ਹੈ। ਇਹ ਖਾਤਾ ਸਨਪ੍ਰੀਤ ਸਿੰਘ ਉਰਫ ਸੰਨੀ ਦਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਸੰਨੀ ਦੇ ਘਰ ਅਤੇ ਪਿੰਡ ਦਾ ਪਤਾ ਲਗਾ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।

ਪੰਜਾਬ ਪੁਲਿਸ ਨੇ ਸੰਨੀ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਵੀਡੀਓ ਡਿਲੀਟ ਕਰਨ ਲਈ ਕਿਹਾ। ਇੰਨਾ ਹੀ ਨਹੀਂ ਸੰਨੀ ਨੇ ਇਸ ਦੇ ਲਈ ਪੁਲਿਸ ਤੋਂ ਮੁਆਫੀ ਵੀ ਮੰਗੀ ਹੈ। ਸੰਨੀ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਥਾਣੇ ਅੰਦਰ ਵੀਡੀਓ ਨਹੀਂ ਬਣਾਈ ਜਾਂਦੀ। ਉਸ ਨੇ 2 ਸਾਲ ਪਹਿਲਾਂ ਵੀਡੀਓ ਬਣਵਾਈ ਸੀ। ਉਹ ਨਿਯਮਿਤ ਤੌਰ 'ਤੇ ਇੰਸਟਾਗ੍ਰਾਮ 'ਤੇ ਆਪਣੀਆਂ ਰੀਲਾਂ ਪੋਸਟ ਕਰਦਾ ਹੈ। ਪੁਲਿਸ ਨੇ ਉਸ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।