ਭਾਰਤ ਦੇ ਧਾਕੜ ਕ੍ਰਿਕਟਰ ਨੂੰ ਪਹਿਲਗਾਮ ਹਮਲੇ ਵਾਲੇ ਦਿਨ ਹੀ ਜਾਨੋਂ ਮਾਰਨ ਦੀ ਧਮਕੀ ਮਿਲੀ 

ਭਾਰਤ ਦੇ ਧਾਕੜ ਕ੍ਰਿਕਟਰ ਨੂੰ ਪਹਿਲਗਾਮ ਹਮਲੇ ਵਾਲੇ ਦਿਨ ਹੀ ਜਾਨੋਂ ਮਾਰਨ ਦੀ ਧਮਕੀ ਮਿਲੀ 

ਇਕ ਪਾਸੇ ਜਿੱਥੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਕਾਰਨ ਦੇਸ਼ ਹੀ ਨਹੀਂ, ਪੂਰੀ ਦੁਨੀਆ 'ਚ ਸੋਗ ਦੀ ਲਹਿਰ ਛਾਈ ਹੋਈ ਹੈ, ਉੱਥੇ ਹੀ ਅਜਿਹਾ ਹੀ ਇਕ ਹੋਰ ਗੰਭੀਰ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। 

ਪੁਲਸ ਸੂਤਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤੀ ਟੀਮ ਦੇ ਮੌਜੂਦਾ ਕੋਚ ਤੇ ਭਾਜਪਾ ਦੇ ਸਾਬਕਾ ਸਾਂਸਦ ਗੌਤਮ ਗੰਭੀਰ ਨੂੰ ਆਈ.ਐੱਸ.ਆਈ.ਐੱਸ.ਕਮਸ਼ੀਰ ਵੱਲੋਂ ਦੋ ਈ-ਮੇਲਜ਼ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਜਿਨ੍ਹਾਂ 'ਚ ਲਿਖਿਆ ਗਿਆ ਹੈ- ''ਆਈ ਕਿੱਲ ਯੂ''। ਇਸ ਬਾਰੇ ਦਿੱਲੀ ਦੇ ਰਜਿੰਦਰ ਨਗਰ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। 

ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਸ ਸੂਤਰਾਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਧਮਕੀ ਭਰੀਆਂ ਈ-ਮੇਲਜ਼ ਪਹਿਲਗਾਮ ਹਮਲੇ ਵਾਲੇ ਦਿਨ, ਭਾਵ 22 ਅਪ੍ਰੈਲ ਨੂੰ ਹੀ ਮਿਲੀਆਂ ਸਨ, ਜਿਸ 'ਚ ਅੱਤਵਾਦੀਆਂ ਨੇ 26 ਟੂਰਿਸਟਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। 

ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਗੰਭੀਰ ਨੂੰ ਅਜਿਹੀ ਧਮਕੀ ਮਿਲੀ ਹੈ। ਇਸ ਤੋਂ ਪਹਿਲਾਂ ਵੀ ਸਾਲ 2022 ਦੌਰਾਨ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਮਗਰੋਂ ਉਨ੍ਹਾਂ ਦੀ ਸੁਰੱਖਿਆ ਹੋਰ ਜ਼ਿਆਦਾ ਸਖ਼ਤ ਕਰ ਦਿੱਤੀ ਗਈ ਸੀ।