ਵੱਡੀ ਖ਼ਬਰ: ਭਾਰਤੀ ਵਿਅਕਤੀ ''ਤੇ ਅਮਰੀਕਾ ਨੇ ਲਾਇਆ ਖ਼ਾਲਿਸਤਾਨੀ ਆਗੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼

ਵੱਡੀ ਖ਼ਬਰ: ਭਾਰਤੀ ਵਿਅਕਤੀ ''ਤੇ ਅਮਰੀਕਾ ਨੇ ਲਾਇਆ ਖ਼ਾਲਿਸਤਾਨੀ ਆਗੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼

ਅਮਰੀਕੀ ਵਕੀਲਾਂ ਨੇ ਬੁੱਧਵਾਰ ਨੂੰ ਇਕ ਸਿੱਖ ਵੱਖਵਾਦੀ ਦੇ ਕਤਲ ਦੀ ਨਾਕਾਮ ਸਾਜ਼ਿਸ਼ ’ਚ ਸ਼ਾਮਲ ਹੋਣ ਲਈ ਭਾਰਤੀ ਨਾਗਰਿਕ ਨਿਖਿਲ ਗੁਪਤਾ ਖਿਲਾਫ ਕਤਲ ਦੀ ਸੁਪਾਰੀ ਲੈਣ ਦਾ ਦੋਸ਼ ਲਾਉਣ ਦਾ ਐਲਾਨ ਕੀਤਾ। ਨਿਊਯਾਰਕ ਦੇ ਦੱਖਣੀ ਜ਼ਿਲੇ ਦੇ ਅਮਰੀਕੀ ਅਟਾਰਨੀ ਡੇਮੀਅਨ ਵਿਲੀਅਮਜ਼ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਨਿਖਿਲ ਗੁਪਤਾ ਨੂੰ ਸਪੁਰਦਗੀ ਸਮਝੌਤੇ ਤਹਿਤ ਅਮਰੀਕਾ ਦੀ ਬੇਨਤੀ ’ਤੇ 30 ਜੂਨ ਨੂੰ ਚੈੱਕ ਗਣਰਾਜ ਦੇ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ ਸੀ।

ਗੁਪਤਾ, ਜੋ ਕਿ ਭਾਰਤ ਦਾ ਵਸਨੀਕ ਹੈ, ’ਤੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਅੰਤਰਰਾਸ਼ਟਰੀ ਸਮੱਗਲਿੰਗ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਕੇਸ ਵਿਚ ਉਸ ਨੂੰ ਇਕ ਭਾਰਤੀ ਸਰਕਾਰੀ ਅਧਿਕਾਰੀ ਦੇ ਸਹਿਯੋਗੀ ਵਜੋਂ ਦਰਸਾਇਆ ਗਿਆ ਹੈ, ਜਿਸ ਦੀ ਪਛਾਣ ਨਾਂ ਨਾਲ ਕੀਤੀ ਗਈ ਹੈ। ਇਸ ਅਧਿਕਾਰੀ ਨੂੰ ਦੋਸ਼ ਪੱਤਰ ਵਿਚ ‘ਸੀ. ਸੀ.-1’ ਕਿਹਾ ਗਿਆ ਹੈ।

ਦੋਸ਼ ਵਿਚ ਕਤਲ ਦੀ ਸਾਜ਼ਿਸ਼ ਦੇ ‘ਟੀਚੇ’ ਦੀ ਪਛਾਣ ਨਹੀਂ ਕੀਤੀ ਗਈ ਹੈ ਪਰ ਉਸ ਦਾ ਜ਼ਿਕਰ ਇਕ ਅਜਿਹੇ ਵਕੀਲ ਵਜੋਂ ਕੀਤਾ ਗਿਆ ਹੈ, ਜੋ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦੀ ਵਕਾਲਤ ਕਰਦਾ ਹੈ ਅਤੇ ਭਾਰਤ ਸਰਕਾਰ ਦਾ ਕੱਟੜ ਆਲੋਚਕ ਰਿਹਾ ਹੈ। ਇਹ ਵਿਅਕਤੀ ਨਿਊਯਾਰਕ ਸਥਿਤ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਹੈ, ਜੋ ‘ਸਿੱਖਸ ਫਾਰ ਜਸਟਿਸ’ ਨਾਂ ਦੀ ਸੰਸਥਾ ਦਾ ਮੁਖੀ ਹੈ।

ਕੇਸ ਵਿਚ ਦੋਸ਼ ਲਾਇਆ ਗਿਆ ਹੈ ਕਿ ਭਾਰਤ ਸਰਕਾਰ ਦੇ ਅਧਿਕਾਰੀ ‘ਸੀ. ਸੀ.-1’ ਨੇ ਪੰਨੂ ਦੇ ਕਤਲ ਲਈ ਮਈ 2023 ਵਿਚ ਜਾਂ ਇਸ ਦੇ ਨੇੜੇ ਗੁਪਤਾ ਨੂੰ ਭਰਤੀ ਕੀਤਾ ਸੀ। ਗੁਪਤਾ ਬਾਅਦ ਵਿਚ ਇਕ ਵਿਅਕਤੀ ਦੇ ਸੰਪਰਕ ਵਿਚ ਆਇਆ, ਜਿਸ ਨੂੰ ਉਹ ਇਕ ‘ਅਪਰਾਧਿਕ ਸਹਿਯੋਗੀ’ ਮੰਨਦਾ ਸੀ ਪਰ ਅਸਲ ਵਿਚ ਉਹ ਅਮਰੀਕੀ ਡਰੱਗ ਇਨਫੋਰਸਮੈਂਟ ਏਜੰਸੀ ਦਾ ਇਕ ‘ਖਬਰੀ’ ਸੀ। ਗੁਪਤਾ ਨੇ ਉਸ ਨੂੰ ਕਤਲ ਲਈ ਇਕ ਹਿੱਟਮੈਨ (ਕਤਲ ਕਰਨ ਵਾਲਾ ਵਿਅਕਤੀ) ਲੱਭਣ ਲਈ ਕਿਹਾ। ‘ਖਬਰੀ’ ਨੇ ਗੁਪਤਾ ਦਾ ਇਕ ਅਜਿਹੇ ਵਿਅਕਤੀ ਨਾਲ ਸੰਪਰਕ ਕਰਵਾਇਆ, ਜਿਸ ਬਾਰੇ ਉਸ ਨੇ ਕਿਹਾ ਕਿ ਉਹ ਹਿੱਟਮੈਨ ਹੋਵੇਗਾ ਪਰ ਇਹ ਵਿਅਕਤੀ (ਹਿੱਟਮੈਨ) ਅਮਰੀਕੀ ਡਰੱਗ ਇਨਫੋਰਸਮੈਂਟ ਏਜੰਸੀ ਦਾ ‘ਅੰਡਰ ਕਵਰ ਏਜੰਟ’ ਸੀ।

ਇੰਝ ਸਾਜ਼ਿਸ਼ ਰਚਣ ਦੇ ਲੱਗੇ ਦੋਸ਼
ਭਾਰਤ ਸਰਕਾਰ ਦੇ ਅਧਿਕਾਰੀ ਨੇ ਗੁਪਤਾ ਨੂੰ ਦੱਸਿਆ ਕਿ ਉਹ ਕਤਲ ਲਈ 100,000 ਡਾਲਰ ਦਾ ਭੁਗਤਾਨ ਕਰੇਗਾ। ਦੋਸ਼ ਲਗਾਇਆ ਗਿਆ ਹੈ ਕਿ 9 ਜੂਨ ਨੂੰ ਇਹ ਅਧਿਕਾਰੀ ਅਤੇ ਗੁਪਤਾ ਇਕ ‘ਅੰਡਰ ਕਵਰ ਏਜੰਟ’ ਨੂੰ ਕਤਲ ਲਈ ਪੇਸ਼ਗੀ ਰਕਮ ਵਜੋਂ 15,000 ਡਾਲਰ ਦੇਣ ਲਈ ਸਹਿਮਤ ਹੋਏ ਅਤੇ ਇਹ ਪੈਸਾ ਮੈਨਹਟਨ ’ਚ ਪਹੁੰਚਾਇਆ ਗਿਆ।

ਜੂਨ ਵਿਚ ਸਰਕਾਰੀ ਅਧਿਕਾਰੀ ਨੇ ਗੁਪਤਾ ਨੂੰ ਟੀਚੇ ਬਾਰੇ ਕੁਝ ਨਿੱਜੀ ਜਾਣਕਾਰੀ ਪ੍ਰਦਾਨ ਕੀਤੀ ਅਤੇ ਉਸ ਦੀ ਨਿਗਰਾਨੀ ਸਬੰਧੀ ਨਿਯਮਤ ਅਪਡੇਟ ਵੀ ਮੰਗਿਆ। ਦੋਸ਼ ਲਾਇਆ ਗਿਆ ਹੈ ਕਿ ਗੁਪਤਾ ਨੇ ਅੰਡਰ ਕਵਰ ਏਜੰਟ ਨੂੰ ਜਿੰਨੀ ਜਲਦੀ ਹੋ ਸਕੇ ਕਤਲ ਕਰਨ ਲਈ ਕਿਹਾ ਪਰ ਉਸ ਨੂੰ ਉਸ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਾਮੀ ਸਰਕਾਰੀ ਯਾਤਰਾ ਸਮੇਂ ਅਜਿਹਾ ਨਾ ਕਰਨ ਲਈ ਕਿਹਾ ।

18 ਜੂਨ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਨਕਾਬਪੋਸ਼ ਵਿਅਕਤੀਆਂ ਨੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿੱਤਾ ਸੀ। ਦੋਸ਼ ਵਿਚ ਕਿਹਾ ਗਿਆ ਹੈ ਕਿ ਅਗਲੇ ਦਿਨ ਗੁਪਤਾ ਨੇ ਅੰਡਰਕਵਰ ਏਜੰਟ ਨੂੰ ਦੱਸਿਆ ਕਿ ਨਿੱਝਰ ਵੀ ਸਾਡਾ ਨਿਸ਼ਾਨਾ ਸੀ ਅਤੇ ਕਈ ਲੋਕ ਸਾਡੇ ਨਿਸ਼ਾਨੇ ’ਤੇ ਹਨ। ਨਿੱਝਰ ਦੇ ਕਤਲ ਤੋਂ ਬਾਅਦ ਗੁਪਤਾ ਨੇ ਅੰਡਰਕਵਰ ਏਜੰਟ ਨੂੰ ਕਿਹਾ ਕਿ ਕਤਲ ਲਈ ਹੁਣ ਹੋਰ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ। 20 ਜੂਨ ਨੂੰ ਜਾਂ ਉਸ ਦੇ ਨੇੜੇ ਭਾਰਤ ਸਰਕਾਰ ਦੇ ਅਧਿਕਾਰੀ ਨੇ ਗੁਪਤਾ ਨੂੰ ਪੰਨੂ ਬਾਰੇ ਇਕ ਅਖਬਾਰ ’ਚ ਛਪਿਆ ਲੇਖ ਇਸ ਸੁਨੇਹੇ ਨਾਲ ਭੇਜਿਆ ਕਿ ਇਹ ‘ਹੁਣ ਪਹਿਲ’ ਹੈ।

ਸਾਜ਼ਿਸ਼ ਦੀ ਜਾਂਚ ਲਈ ਅਮਰੀਕਾ ਨੇ ਭਾਰਤ ਭੇਜੇ 2 ਅਧਿਕਾਰੀ
ਅਮਰੀਕਾ ਨੇ ਕਤਲ ਦੀ ਸਾਜ਼ਿਸ਼ ਦੀ ਜਾਂਚ ਅਤੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਲਈ ਦਬਾਅ ਪਾਉਣ ਦੇ ਮਕਸਦ ਨਾਲ ਆਪਣੇ 2 ਸੀਨੀਅਰ ਅਧਿਕਾਰੀਆਂ ਨੂੰ ਭਾਰਤ ਭੇਜਿਆ ਹੈ। ਇਹ ਅਧਿਕਾਰੀ ਸੀ. ਆਈ. ਏ. ਦੇ ਡਾਇਰੈਕਟਰ ਵਿਲੀਅਮ ਜੇ. ਬਰਨਜ਼ ਅਤੇ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਐਵਰਿਲ ਹੇਂਸ ਹਨ।