- Updated: September 04, 2024 05:33 PM
ਅਮਰੀਕਾ ਦੇ ਟੈਕਸਾਸ ਸੂਬੇ ’ਚ ਪਿਛਲੇ ਹਫਤੇ ਇਕ ਭਿਆਨਕ ਸੜਕ ਹਾਦਸੇ ’ਚ 4 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਆਰੀਅਨ ਰਘੂਨਾਥ, ਓਰਾਮਪੱਟੀ, ਉਸ ਦੇ ਦੋਸਤ ਫਾਰੂਕ ਸ਼ੇਖ, ਹੈਦਰਾਬਾਦ ਦੇ ਕੁਕਟਪੱਲੀ ਉਪਨਗਰ ਦੇ ਇਕ ਹੋਰ ਤੇਲਗੂ ਵਿਦਿਆਰਥੀ ਲੋਕੇਸ਼ ਪਲਾਚਾਰਲਾ ਅਤੇ ਤਾਮਿਲਨਾਡੂ ਦੇ ਦਰਸ਼ੀਨੀ ਵਾਸੂਦੇਵ ਵਜੋਂ ਹੋਈ ਹੈ।
ਕੋਲਿਨ ਕਾਊਂਟੀ ਸ਼ੈਰਿਫ ਦੇ ਦਫਤਰ ਮੁਤਾਬਕ ਇਹ ਹਾਦਸਾ ਡੱਲਾਸ ਨੇੜੇ ਅੰਨਾ ਦੀ ਵ੍ਹਾਈਟ ਸਟ੍ਰੀਟ ’ਤੇ ਯੂ.ਐੱਸ.-75 ਤੋਂ ਥੋੜ੍ਹੀ ਦੂਰੀ ’ਤੇ ਹੋਇਆ।ਹਿਊਸਟਨ ’ਚ ਭਾਰਤ ਦੇ ਕੌਂਸਲ ਜਨਰਲ ਡੀ.ਸੀ. ਮੰਜੂਨਾਥ ਨੇ ਹਾਦਸੇ ’ਚ ਚਾਰ ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਭਾਰਤੀ ਕੌਂਸਲੇਟ ਜਨਰਲ ਦੁੱਖ ਦੀ ਇਸ ਘੜੀ ’ਚ ਪੀੜਤ ਪਰਵਾਰਾਂ ਅਤੇ ਭਾਈਚਾਰਕ ਸੰਗਠਨਾਂ ਨਾਲ ਲਗਾਤਾਰ ਸੰਪਰਕ ’ਚ ਹੈ ਅਤੇ ਪੂਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ।
ਸ਼ੁਰੂਆਤੀ ਮੀਡੀਆ ਰੀਪੋਰਟਾਂ ਅਤੇ ਚਸ਼ਮਦੀਦਾਂ ਅਨੁਸਾਰ ਸ਼ੁਕਰਵਾਰ ਦੁਪਹਿਰ ਨੂੰ ਜਦੋਂ ਇਹ ਹਾਦਸਾ ਵਾਪਰਿਆ ਤਾਂ ਹਾਈਵੇਅ ’ਤੇ ਇਕ ਐਸ.ਯੂ.ਵੀ. ਸਮੇਤ ਗੱਡੀਆਂ ਦੀ ਕਤਾਰ ਸੀ। ਚਸ਼ਮਦੀਦਾਂ ਮੁਤਾਬਕ ਤੇਜ਼ ਰਫਤਾਰ ਨਾਲ ਆ ਰਹੇ ਇਕ ਟਰੱਕ ਨੇ ਐਸ.ਯੂ.ਵੀ. ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿਤੀ। ਉਨ੍ਹਾਂ ਦਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਐਸ.ਯੂ.ਵੀ. ਤਿੰਨ ਹੋਰ ਗੱਡੀਆਂ ਨਾਲ ਟਕਰਾ ਗਈ, ਜਿਸ ਕਾਰਨ ਭਿਆਨਕ ਅੱਗ ਲੱਗ ਗਈ ਅਤੇ ਚਾਰ ਲੋਕ ਜ਼ਿੰਦਾ ਸੜ ਗਏ।
ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਪਛਾਣ ਕਰਨ ’ਚ ਕਈ ਦਿਨ ਲੱਗ ਗਏ ਕਿਉਂਕਿ ਉਹ ਬੁਰੀ ਤਰ੍ਹਾਂ ਸੜ ਗਈਆਂ ਸਨ। ਉਨ੍ਹਾਂ ਕਿਹਾ ਕਿ ਹਾਦਸੇ ’ਚ ਕਈ ਲੋਕ ਜ਼ਖਮੀ ਹੋਏ ਹਨ ਪਰ ਉਨ੍ਹਾਂ ਦੀ ਸਹੀ ਗਿਣਤੀ ਸਪੱਸ਼ਟ ਨਹੀਂ ਹੈ। ਜ਼ਖਮੀਆਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ।
ਅਧਿਕਾਰੀਆਂ ਨੇ ਦਸਿਆ ਕਿ ਹਾਦਸੇ ’ਚ ਮਾਰੇ ਗਏ ਓਰਾਮਪੱਟੀ ਅਤੇ ਸ਼ੇਖ ਡੱਲਾਸ ’ਚ ਇਕ ਰਿਸ਼ਤੇਦਾਰ ਨੂੰ ਮਿਲਣ ਤੋਂ ਬਾਅਦ ਵਾਪਸ ਪਰਤ ਰਹੇ ਸਨ, ਜਦਕਿ ਪਲਾਚਰਲਾ ਅਪਣੀ ਪਤਨੀ ਨੂੰ ਮਿਲਣ ਲਈ ਬੈਂਟਨਵਿਲੇ ਜਾ ਰਹੇ ਸਨ। ਟੈਕਸਾਸ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਹਾਸਲ ਕਰਨ ਵਾਲੀ ਦਰਸ਼ੀਨੀ ਅਪਣੇ ਚਾਚੇ ਨੂੰ ਮਿਲਣ ਲਈ ਅਰਕਾਨਸਾਸ ਜਾ ਰਹੀ ਸੀ।
ਕੌਂਸਲ ਜਨਰਲ ਮੰਜੂਨਾਥ ਨੇ ਕਿਹਾ, ‘‘ਦਰਸ਼ੀਨੀ ਦੇ ਚਾਚਾ ਰਾਮਾਨੁਜਮ ਅਰਕਾਨਸਾਸ ਦੇ ਬੈਂਟਨਵਿਲੇ ’ਚ ਰਹਿੰਦੇ ਹਨ। ਉਹ ਉਨ੍ਹਾਂ ਨੂੰ ਮਿਲਣ ਜਾ ਰਹੀ ਸੀ। ਦਰਸ਼ੀਨੀ ਨੇ ਹਾਲ ਹੀ ’ਚ ਅਪਣੀ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ ਸੀ ਅਤੇ ਡੱਲਾਸ ਦੇ ਫਰਿਸਕੋ ’ਚ ਨੌਕਰੀ ਸ਼ੁਰੂ ਕੀਤੀ ਸੀ।’’
ਉਨ੍ਹਾਂ ਕਿਹਾ, ‘‘ਦੋ ਹੋਰ ਪੀੜਤ ਓਰਾਮਪੱਟੀ ਅਤੇ ਸ਼ੇਖ ਨੇ ਹਾਲ ਹੀ ’ਚ ਟੈਕਸਾਸ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ। ਸ਼ੇਖ ਬਿਜ਼ਨਸ ਐਨਾਲਿਟਿਕਸ ’ਚ ਐਮਐਸ ਅਤੇ ਓਰਮਪੱਟੀ ਫਾਈਨਾਂਸ ’ਚ ਐਮ.ਐਸ. ਕਰ ਰਿਹਾ ਸੀ। ਪਲਾਚਰਲਾ, ਜੋ ਵਾਹਨ ਚਲਾ ਰਿਹਾ ਸੀ, ਡੱਲਾਸ ਦੀ ਇਕ ਕੰਪਨੀ ’ਚ ਕੰਮ ਕਰਦਾ ਸੀ।’’ ਇਸ ਹਾਦਸੇ ਤੋਂ ਬਾਅਦ ਅਮਰੀਕਾ ’ਚ ਭਾਰਤੀ ਭਾਈਚਾਰੇ ਖਾਸ ਕਰ ਕੇ ਤੇਲਗੂ ਭਾਈਚਾਰੇ ’ਚ ਸੋਗ ਦੀ ਲਹਿਰ ਹੈ।