- Updated: June 28, 2024 06:16 PM
ਭਾਰਤ ਨੇ ਅਮਰੀਕਾ ਦੇ ਵਿਦੇਸ਼ ਵਿਭਾਗ ਵਲੋਂ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਬਾਰੇ ਜਾਰੀ ਰਿਪੋਰਟ 'ਚ ਕੀਤੀ ਗਈ ਆਲੋਚਨਾ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕਿਹਾ ਕਿ ਇਹ ਪੂਰੀ ਤਰ੍ਹਾਂ ਪੱਖਪਾਤੀ ਅਤੇ ਵੋਟ ਬੈਂਕ ਦੀ ਸੋਚ ਤੋਂ ਪ੍ਰੇਰਿਤ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਰਿਪੋਰਟ 'ਚ ਭਾਰਤ ਵਿਰੁੱਧ ਪੱਖਪਾਤੀ ਬਿਆਨ ਨੂੰ ਅੱਗੇ ਵਧਾਉਣ ਲਈ ਘਟਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਰਿਪੋਰਟ ਜਾਰੀ ਕਰਨ ਮੌਕੇ ਕਿਹਾ ਕਿ ਭਾਰਤ 'ਚ ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ, ਨਫਰਤ ਭਰੇ ਭਾਸ਼ਣਾਂ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਘਰਾਂ ਅਤੇ ਪੂਜਾ ਸਥਾਨਾਂ ਨੂੰ ਢਾਹੁਣ ਦੀਆਂ ਘਟਨਾਵਾਂ 'ਚ 'ਚਿੰਤਾਜਨਕ ਵਾਧਾ' ਹੋਇਆ ਹੈ।
ਜਾਇਸਵਾਲ ਨੇ ਕਿਹਾ,"ਅਤੀਤ ਦੀ ਤਰ੍ਹਾਂ, ਇਹ ਰਿਪੋਰਟ ਵੀ ਬਹੁਤ ਪੱਖਪਾਤੀ ਹੈ, ਇਸ 'ਚ ਭਾਰਤ ਦੇ ਸਮਾਜਿਕ ਤਾਣੇ-ਬਾਣੇ ਦੀ ਸਮਝ ਦੀ ਘਾਟ ਹੈ ਅਤੇ ਸਪੱਸ਼ਟ ਤੌਰ 'ਤੇ ਵੋਟ ਬੈਂਕ ਦੀ ਸੋਚ ਤੋਂ ਪ੍ਰੇਰਿਤ ਹੈ।" ਉਨ੍ਹਾਂ ਕਿਹਾ,''ਇਸ ਲਈ ਅਸੀਂ ਇਸ ਨੂੰ ਰੱਦ ਕਰਦੇ ਹਾਂ। ਇਹ ਪ੍ਰਕਿਰਿਆ ਆਪਣੇ ਆਪ ਵਿਚ ਦੋਸ਼ਾਂ ਅਤੇ ਜਵਾਬੀ ਦੋਸ਼ਾਂ, ਗਲਤ ਬਿਆਨਬਾਜ਼ੀ, ਤੱਥਾਂ ਦੀ ਚੋਣਵੀਂ ਵਰਤੋਂ, ਪੱਖਪਾਤੀ ਸਰੋਤਾਂ 'ਤੇ ਨਿਰਭਰਤਾ ਅਤੇ ਮੁੱਦਿਆਂ ਦੀ ਇਕਪਾਸੜ ਪੇਸ਼ਕਾਰੀ ਦਾ ਮਿਸ਼ਰਣ ਹੈ।'' ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ,''ਕੁਝ ਮਾਮਲਿਆਂ 'ਚ ਰਿਪੋਰਟ ਖੁਦ ਕਾਨੂੰਨਾਂ ਅਤੇ ਨਿਯਮਾਂ ਦੀ ਵੈਧਤਾ 'ਤੇ ਸਵਾਲ ਉਠਾਉਂਦੀ ਹੈ।'' ਜਾਇਸਵਾਲ ਨੇ ਕਿਹਾ ਕਿ ਰਿਪੋਰਟ ਭਾਰਤੀ ਅਦਾਲਤਾਂ ਵਲੋਂ ਕੀਤੇ ਗਏ ਕੁਝ ਫੈਸਲਿਆਂ ਦੀ ਈਮਾਨਦਾਰੀ ਨੂੰ ਵੀ ਚੁਣੌਤੀ ਦਿੱਤੀ ਗਈ ਹੈ।