- Updated: October 18, 2023 04:01 PM
ਰਾਮਪੁਰ ਦੀ ਇਕ ਅਦਾਲਤ ਨੇ ਬੁਧਵਾਰ ਨੂੰ ਸਮਾਜਵਾਦੀ ਪਾਰਟੀ (ਸਪਾ) ਆਗੂ ਆਜ਼ਮ ਖਾਨ, ਉਨ੍ਹਾਂ ਦੀ ਪਤਨੀ ਤਨਜ਼ੀਨ ਫਾਤਿਮਾ ਅਤੇ ਬੇਟੇ ਅਬਦੁੱਲਾ ਆਜ਼ਮ ਨੂੰ ਜਾਅਲੀ ਜਨਮ ਸਰਟੀਫਿਕੇਟ ਦੇ ਪੰਜ ਸਾਲ ਪੁਰਾਣੇ ਮਾਮਲੇ ਵਿਚ ਦੋਸ਼ੀ ਠਹਿਰਾਉਂਦੇ ਹੋਏ ਸੱਤ ਕੈਦ ਦੀ ਸਜ਼ਾ ਸੁਣਾਈ ਹੈ। ਐਮਪੀ-ਐਮਐਲਏ ਮੈਜਿਸਟਰੇਟ ਸ਼ੋਭਿਤ ਬਾਂਸਲ ਦੀ ਅਦਾਲਤ ਨੇ ਆਜ਼ਮ ਖਾਨ, ਤਨਜ਼ੀਨ ਫਾਤਿਮਾ ਅਤੇ ਅਬਦੁੱਲਾ ਆਜ਼ਮ ਨੂੰ 2019 ਦੇ ਜਾਅਲੀ ਜਨਮ ਸਰਟੀਫਿਕੇਟ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਸੱਤ ਸਾਲ ਦੀ ਸਜ਼ਾ ਸੁਣਾਈ। ਸਾਬਕਾ ਜ਼ਿਲ੍ਹਾ ਸਰਕਾਰੀ ਵਕੀਲ (ਡੀਜੀਸੀ) ਅਰੁਣ ਪ੍ਰਕਾਸ਼ ਸਕਸੈਨਾ ਨੇ ਕਿਹਾ, "ਤਿੰਨਾਂ ਨੂੰ ਨਿਆਂਇਕ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਅਦਾਲਤ ਤੋਂ ਹੀ ਜੇਲ੍ਹ ਭੇਜ ਦਿਤਾ ਜਾਵੇਗਾ।"
ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਆਕਾਸ਼ ਸਕਸੈਨਾ ਦੁਆਰਾ ਰਾਮਪੁਰ ਦੇ ਗੰਜ ਥਾਣੇ ਵਿਚ 3 ਜਨਵਰੀ, 2019 ਨੂੰ ਦਰਜ ਕਰਵਾਈ ਗਈ ਇਕ ਐਫਆਈਆਰ ਵਿਚ ਦੋਸ਼ ਲਾਇਆ ਗਿਆ ਸੀ ਕਿ ਆਜ਼ਮ ਖਾਨ ਅਤੇ ਉਸ ਦੀ ਪਤਨੀ ਨੇ ਉਨ੍ਹਾਂ ਦੇ ਪੁੱਤਰ ਦੇ ਜਨਮ ਮਿਤੀ ਦੇ ਦੋ ਜਾਅਲੀ ਸਰਟੀਫਿਕੇਟ ਪ੍ਰਾਪਤ ਕੀਤੇ ਹਨ। ਐਫਆਈਆਰ ਵਿਚ ਦੋਸ਼ ਲਾਇਆ ਗਿਆ ਸੀ ਕਿ ਆਜ਼ਮ ਖਾਨ ਅਤੇ ਉਨ੍ਹਾਂ ਦੀ ਪਤਨੀ ਨੇ ਜਨਮ ਸਰਟੀਫਿਕੇਟਾਂ ਵਿਚੋਂ ਇਕ ਲਖਨਊ ਅਤੇ ਦੂਜਾ ਰਾਮਪੁਰ ਤੋਂ ਲਿਆ ਸੀ। ਚਾਰਜਸ਼ੀਟ ਅਨੁਸਾਰ ਰਾਮਪੁਰ ਨਗਰ ਪਾਲਿਕਾ ਵਲੋਂ ਜਾਰੀ ਜਨਮ ਸਰਟੀਫਿਕੇਟ ਵਿਚ ਅਬਦੁੱਲਾ ਆਜ਼ਮ ਦੀ ਜਨਮ ਮਿਤੀ 1 ਜਨਵਰੀ 1993 ਦਰਸਾਈ ਗਈ ਹੈ। ਦੂਜੇ ਸਰਟੀਫਿਕੇਟ ਦੇ ਮੁਤਾਬਕ ਉਨ੍ਹਾਂ ਦਾ ਜਨਮ 30 ਸਤੰਬਰ 1990 ਨੂੰ ਲਖਨਊ 'ਚ ਹੋਇਆ ਸੀ।
2022 ਦੀਆਂ ਵਿਧਾਨ ਸਭਾ ਚੋਣਾਂ 'ਚ ਸਪਾ ਦੀ ਟਿਕਟ 'ਤੇ ਸਵਾੜ ਹਲਕੇ ਤੋਂ ਜਿੱਤਣ ਵਾਲੇ ਅਬਦੁੱਲਾ ਆਜ਼ਮ ਨੂੰ 2008 ਦੇ ਇਕ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਪਿਛਲੇ ਫਰਵਰੀ 'ਚ ਮੁਰਾਦਾਬਾਦ ਦੀ ਅਦਾਲਤ ਨੇ ਦੋ ਸਾਲ ਦੀ ਸਜ਼ਾ ਸੁਣਾਈ ਸੀ। ਦੋਸ਼ੀ ਠਹਿਰਾਏ ਜਾਣ ਅਤੇ ਸਜ਼ਾ ਦੇ ਦੋ ਦਿਨ ਬਾਅਦ ਅਬਦੁੱਲਾ ਆਜ਼ਮ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਤੋਂ ਅਯੋਗ ਕਰਾਰ ਦੇ ਦਿਤਾ ਗਿਆ ਸੀ। ਅਬਦੁੱਲਾ ਆਜ਼ਮ ਨੇ ਸਜ਼ਾ 'ਤੇ ਰੋਕ ਲਈ ਹਾਈ ਕੋਰਟ ਦਾ ਰੁਖ ਕੀਤਾ ਜਿਥੇ ਉਸ ਦੀ ਪਟੀਸ਼ਨ ਖਾਰਜ ਕਰ ਦਿਤੀ ਗਈ।