- Updated: January 17, 2024 04:36 PM
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾਕਟਰ ਬਲਦੇਵ ਰਾਜ ਚਾਵਲਾ ਦਾ 86 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹ ਪਿਛਲੇ 4 ਦਿਨਾਂ ਤੋਂ ਲੁਧਿਆਣਾ ਦੇ ਇਕ ਹਸਪਤਾਲ ਵਿਚ ਜ਼ੇਰੇ ਇਲਾਜ ਸਨ। ਉਨ੍ਹਾਂ ਨੇ ਅਪਣੇ ਜਨਮ ਦਿਨ ਵਾਲੇ ਦਿਨ ਬੁੱਧਵਾਰ ਸਵੇਰੇ 4 ਵਜੇ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੰਮ੍ਰਿਤਸਰ ਵਿਖੇ ਕੀਤਾ ਜਾਵੇਗਾ।
ਬਲਦੇਵ ਰਾਜ ਚਾਵਲਾ ਦਾ ਜਨਮ 17 ਜਨਵਰੀ 1938 ਨੂੰ ਹੋਇਆ ਸੀ। ਉਨ੍ਹਾਂ ਨੇ ਅਪਣੀ ਰਾਜਨੀਤੀ ਦੀ ਸ਼ੁਰੂਆਤ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਕੀਤੀ ਸੀ। ਉਹ ਇਕ ਹਫ਼ਤਾ ਪਹਿਲਾਂ ਅੰਮ੍ਰਿਤਸਰ ਭਾਜਪਾ ਦਫ਼ਤਰ ਵਿਚ ਹੋਈ ਮੀਟਿੰਗ ਵਿਚ ਸ਼ਾਮਲ ਹੋਏ ਸਨ। ਉਹ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਵਿਚ ਵੀ ਸਰਗਰਮ ਸਨ।
2002 ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿਚ ਚਾਵਲਾ ਸਿਹਤ ਮੰਤਰੀ ਬਣੇ ਸਨ। ਉਸ ਤੋਂ ਬਾਅਦ 2012 ਤੋਂ 2017 ਤਕ ਬਲਦੇਵ ਰਾਜ ਚਾਵਲਾ ਵਾਟਰ ਸੀਵਰੇਜ ਅਤੇ ਸਪਲਾਈ ਬੋਰਡ ਦੇ ਚੇਅਰਮੈਨ ਰਹੇ। ਇਸ ਤੋਂ ਇਲਾਵਾ ਉਹ ਪੰਜਾਬ ਵਿਧਾਨ ਸਭਾ ਵਿਚ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ। ਉਹ ਅਤਿਵਾਦ ਪੀੜਤ ਪ੍ਰਵਾਰ ਸਹਾਇਤਾ ਕਮੇਟੀ ਦੇ ਮੁਖੀ ਸਨ।
ਡਾ. ਬਲਦੇਵ ਰਾਜ ਚਾਵਲਾ ਦਾ ਪੂਰਾ ਪ੍ਰਵਾਰ ਡਾਕਟਰ ਹੈ। ਬਲਦੇਵ ਖੁਦ ਵੀ ਅੱਖਾਂ ਦੇ ਡਾਕਟਰ ਹਨ। ਉਨ੍ਹਾਂ ਦੀ ਪਤਨੀ ਸ਼ਕੁੰਤਲਾ ਚਾਵਲਾ ਗਾਇਨੀਕੋਲੋਜਿਸਟ ਹੈ। ਉਨ੍ਹਾਂ ਦੇ ਪੁੱਤਰ ਡਾਕਟਰ ਰਾਮ ਚਾਵਲਾ ਅਤੇ ਜਯੰਤ ਚਾਵਲਾ ਵੀ ਮੰਨੇ-ਪ੍ਰਮੰਨੇ ਡਾਕਟਰ ਹਨ। ਪੁੱਤਰਾਂ ਦੀਆਂ ਪਤਨੀਆਂ ਵੀ ਐਮਡੀ ਡਾਕਟਰ ਹਨ।
ਡਾ. ਚਾਵਲਾ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੇ ਘਰ ਵੱਡੀ ਗਿਣਤੀ 'ਚ ਭਾਜਪਾ ਵਰਕਰ ਅਤੇ ਆਗੂ ਇਕੱਠੇ ਹੋ ਗਏ। ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ, ਸੀਨੀਅਰ ਮੈਂਬਰ ਜਨਾਰਦਨ ਸ਼ਰਮਾ ਤੇ ਹੋਰਾਂ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਅਫ਼ਸੋਸ ਪ੍ਰਗਟ ਕੀਤਾ ਹੈ।