ਪੰਜਾਬ ਭਾਜਪਾ ਦੇ ਇੰਚਾਰਜ ਵਜੋਂ ਵਿਜੇ ਰੂਪਾਨੀ ਅਤੇ ਸਹਿ-ਇੰਚਾਰਜ ਵਜੋਂ ਡਾ: ਨਰਿੰਦਰ ਸਿੰਘ ਨੂੰ ਕੀਤਾ ਗਿਆ ਨਿਯੁਕਤ

ਪੰਜਾਬ ਭਾਜਪਾ ਦੇ ਇੰਚਾਰਜ ਵਜੋਂ ਵਿਜੇ ਰੂਪਾਨੀ ਅਤੇ ਸਹਿ-ਇੰਚਾਰਜ ਵਜੋਂ ਡਾ: ਨਰਿੰਦਰ ਸਿੰਘ ਨੂੰ ਕੀਤਾ ਗਿਆ ਨਿਯੁਕਤ

ਲੋਕ ਸਭਾ ਚੋਣਾਂ ਦੇ ਮੁਕੰਮਲ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੇ ਰਾਜਾਂ ਦੇ ਸੰਗਠਨ ’ਚ ਬਦਲਾਅ ਕੀਤੇ ਗਏ ਹਨ। ਹਾਲਾਂਕਿ ਇੱਕ ਵਾਰ ਫਿਰ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੂਪਾਨੀ ਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਡਾ: ਨਰਿੰਦਰ ਸਿੰਘ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ। ਦੋਵੇਂ ਪਹਿਲਾਂ ਹੀ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਇਹ ਹੁਕਮ ਭਾਜਪਾ ਦੇ ਕੌਮੀ ਪ੍ਰਧਾਨ ਵੱਲੋਂ ਜਾਰੀ ਕੀਤੇ ਗਏ ਹਨ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਇੰਚਾਰਜ ਅਤੇ ਸਹਿ-ਇੰਚਾਰਜ ਨਾ ਬਦਲਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਲੋਕ ਸਭਾ ਚੋਣਾਂ ’ਚ ਪਾਰਟੀ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ ਹੈ। ਵੋਟ ਸ਼ੇਅਰਿੰਗ ਦੇ ਮਾਮਲੇ 'ਚ ਪਾਰਟੀ ਹੁਣ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਬਾਅਦ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਪਾਰਟੀ ਦੀ ਵੋਟ ਪ੍ਰਤੀਸ਼ਤਤਾ ਹੁਣ 18 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਜੋ ਪਿਛਲੀਆਂ ਚੋਣਾਂ ਵਿੱਚ ਨੌਂ ਫੀਸਦੀ ਤੱਕ ਸੀਮਤ ਸੀ। ਭਾਵੇਂ ਇਸ ਵਾਰ ਪਾਰਟੀ ਲੋਕ ਸਭਾ ਚੋਣਾਂ ਵਿੱਚ ਕੋਈ ਵੀ ਸੀਟ ਨਹੀਂ ਜਿੱਤ ਸਕੀ। ਪਰ ਪਾਰਟੀ ਦੇ ਉਮੀਦਵਾਰਾਂ ਨੇ ਸਖ਼ਤ ਟੱਕਰ ਦਿੱਤੀ ਹੈ।

ਪਾਰਟੀ ਨੂੰ ਹੁਣ ਸੂਬੇ ’ਚ ਇੱਕ ਤੋਂ ਬਾਅਦ ਇੱਕ ਚੋਣ ਦੇ ਦੌਰ ’ਚੋਂ ਲੰਘਣਾ ਪੈ ਰਿਹਾ ਹੈ। ਫਿਲਹਾਲ ਜਲੰਧਰ ਪੱਛਮੀ ਸੀਟ ਲਈ 10 ਜੁਲਾਈ ਨੂੰ ਵਿਧਾਨ ਸਭਾ ਉਪ ਚੋਣਾਂ ਹੋਣੀਆਂ ਹਨ। ਇਸ ਤੋਂ ਬਾਅਦ ਚਾਰ ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਹੋਣੀਆਂ ਹਨ। ਹਾਲਾਂਕਿ ਅਜੇ ਤੱਕ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਨ੍ਹਾਂ ਸੀਟਾਂ ’ਚ ਚੱਬੇਵਾਲ, ਡੇਰਾ ਬਾਬਾ ਨਾਨਕ, ਬਨਰਾਲਾ ਅਤੇ ਗਿੱਦੜਬਾਹਾ ਸ਼ਾਮਲ ਹਨ।