- Updated: January 21, 2026 06:12 PM
ਬਠਿੰਡਾ ਵਿਚ ਹਨੀ ਟ੍ਰੈਪ ਦਾ ਇਕ ਗੰਭੀਰ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮੁੰਬਈ ਤੋਂ ਆਏ ਇਕ ਨੌਜਵਾਨ ਨੂੰ ਮਦਦ ਦੇ ਬਹਾਨੇ ਘਰ ਬੁਲਾਕੇ ਨਸ਼ੀਲੀ ਚਾਹ ਪਿਲਾਈ ਗਈ ਅਤੇ ਬੇਹੋਸ਼ੀ ਦੀ ਹਾਲਤ ਵਿਚ ਉਸ ਦੀ ਨਗਨ ਵੀਡੀਓ ਬਣਾ ਕੇ ਬਲੈਕਮੇਲ ਕੀਤਾ ਗਿਆ। ਦੋਸ਼ੀਆਂ ਨੇ ਪਹਿਲਾਂ 15 ਹਜ਼ਾਰ ਰੁਪਏ ਨਕਦ ਅਤੇ ਸੋਨੇ ਦੇ ਗਹਿਣੇ ਲੁੱਟ ਲਏ ਅਤੇ ਹੁਣ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ 1.50 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਮੁੰਬਈ ਨਿਵਾਸੀ ਗਗਨਜੋਤ ਨੇ ਇਸ ਸਬੰਧ ਵਿਚ ਬਠਿੰਡਾ ਰੇਂਜ ਦੇ ਡੀਆਈਜੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।
ਪੀੜਤ ਨੇ ਦੱਸਿਆ ਕਿ ਉਹ 14 ਜਨਵਰੀ 2026 ਨੂੰ ਦੋਸਤ ਦੇ ਗ੍ਰਿਹ ਪ੍ਰਵੇਸ਼ ਅਤੇ ਬੱਚਿਆਂ ਦੇ ਜਨਮਦਿਨ ਸਮਾਰੋਹ ਵਿਚ ਸ਼ਾਮਲ ਹੋਣ ਲਈ ਬਠਿੰਡਾ ਆਇਆ ਸੀ। 16 ਜਨਵਰੀ ਨੂੰ ਮੁੰਬਈ ਵਾਪਸ ਜਾਣ ਸਮੇਂ ਉਸਨੂੰ ਇਕ ਔਰਤ ਦਾ ਫ਼ੋਨ ਆਇਆ, ਜਿਸ ਨਾਲ ਉਸ ਦੀ ਕਰੀਬ ਇਕ ਸਾਲ ਪਹਿਲਾਂ ਬਠਿੰਡਾ ਜ਼ਿਲ੍ਹਾ ਅਦਾਲਤ ਵਿਚ ਮੁਲਾਕਾਤ ਹੋਈ ਸੀ। ਉਸ ਸਮੇਂ ਔਰਤ ਨੇ ਆਪਣੇ ਪਤੀ ਨਾਲ ਜੁੜੇ ਚੈਕ ਬਾਊਂਸ ਮਾਮਲਿਆਂ ਦਾ ਹਵਾਲਾ ਦੇ ਕੇ ਮਦਦ ਮੰਗੀ ਸੀ। ਪੀੜਤ ਅਨੁਸਾਰ ਔਰਤ ਨੇ ਪਰਿਵਾਰਕ ਵਿਵਾਦ ਸੁਲਝਾਉਣ ਦੇ ਬਹਾਨੇ ਉਸਨੂੰ ਆਦਰਸ਼ ਨਗਰ ਸਥਿਤ ਆਪਣੇ ਘਰ ਬੁਲਾਇਆ। ਘਰ ਪਹੁੰਚਣ ’ਤੇ ਔਰਤ ਇਕੱਲੀ ਸੀ ਅਤੇ ਉਸਨੇ ਚਾਹ ਪਿਲਾਈ। ਚਾਹ ਪੀਣ ਤੋਂ ਕੁਝ ਮਿੰਟਾਂ ਬਾਅਦ ਹੀ ਪੀੜਤ ਅਰਧ-ਬੇਹੋਸ਼ੀ ਦੀ ਹਾਲਤ ਵਿਚ ਚਲਾ ਗਿਆ। ਇਸ ਦੌਰਾਨ ਤਿੰਨ ਔਰਤਾਂ ਅਤੇ ਦੋ ਪੁਰਸ਼ ਉੱਥੇ ਪਹੁੰਚੇ, ਜਿਨ੍ਹਾਂ ਨੇ ਉਸਦੇ ਕੱਪੜੇ ਉਤਾਰ ਕੇ ਮੋਬਾਈਲ ਫ਼ੋਨ ਨਾਲ ਨਗਨ ਵੀਡੀਓ ਬਣਾ ਲਈ।
ਦੋਸ਼ ਹੈ ਕਿ ਦੋਸ਼ੀਆਂ ਨੇ ਉਸਦੇ ਗਲੇ ਤੋਂ ਸੋਨੇ ਦੀ ਚੇਨ ਅਤੇ ਉਂਗਲੀ ਤੋਂ ਅੰਗੂਠੀ ਜ਼ਬਰਦਸਤੀ ਉਤਾਰ ਲਈ। ਪਰਸ ਵਿੱਚੋਂ ਲਗਭਗ 15 ਹਜ਼ਾਰ ਰੁਪਏ ਨਕਦ ਕੱਢ ਲਏ ਅਤੇ ਬੈਗ ਵਿਚੋਂ ਆਧਾਰ ਕਾਰਡ ਤੇ ਪੈਨ ਕਾਰਡ ਵੀ ਲੈ ਗਏ। ਦੋਸ਼ੀਆਂ ਨੇ ਧਮਕੀ ਦਿੱਤੀ ਕਿ ਜੇਕਰ 20 ਜਨਵਰੀ ਤੱਕ 1.50 ਲੱਖ ਰੁਪਏ ਨਾ ਦਿੱਤੇ ਗਏ ਤਾਂ ਵੀਡੀਓ ਸੋਸ਼ਲ ਮੀਡੀਆ ’ਤੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਭੇਜ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਸਨੂੰ ਅਰਧ-ਬੇਹੋਸ਼ੀ ਦੀ ਹਾਲਤ ਵਿਚ ਘਰ ਤੋਂ ਬਾਹਰ ਸੁੱਟ ਦਿੱਤਾ ਗਿਆ। ਪੀੜਤ ਨੇ ਸ਼ੱਕ ਜ਼ਾਹਰ ਕੀਤਾ ਕਿ ਇਹ ਇਕ ਸੰਗਠਿਤ ਗਿਰੋਹ ਹੈ, ਜੋ ਬੇਗੁਨਾਹ ਲੋਕਾਂ ਨੂੰ ਹਨੀ ਟ੍ਰੈਪ ਵਿਚ ਫਸਾ ਕੇ ਲੁੱਟ ਅਤੇ ਬਲੈਕਮੇਲਿੰਗ ਕਰਦਾ ਹੈ। ਉਸਨੇ ਦੋਸ਼ੀਆਂ ਦੇ ਮੋਬਾਈਲ ਫ਼ੋਨਾਂ ਤੋਂ ਇਤਰਾਜ਼ਯੋਗ ਵੀਡੀਓ ਅਤੇ ਪਰਿਵਾਰਕ ਮੈਂਬਰਾਂ ਦੇ ਨੰਬਰ ਮਿਟਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਾਮਲੇ ਦੇ ਸਾਰੇ ਪੱਖਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।