UAE ਦੇ ਹਵਾਬਾਜ਼ੀ ਇਤਿਹਾਸ ਵਿੱਚ ਵਪਾਰਕ ਕਪਤਾਨ ਬਣਨ ਵਾਲੀ ਪਹਿਲੀ ਮਹਿਲਾ ਬਣੀ ਆਇਸ਼ਾ ਅਲ ਮਨਸੂਰੀ 

UAE ਦੇ ਹਵਾਬਾਜ਼ੀ ਇਤਿਹਾਸ ਵਿੱਚ ਵਪਾਰਕ ਕਪਤਾਨ ਬਣਨ ਵਾਲੀ ਪਹਿਲੀ ਮਹਿਲਾ ਬਣੀ ਆਇਸ਼ਾ ਅਲ ਮਨਸੂਰੀ 

 ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਪਾਇਲਟ ਆਇਸ਼ਾ ਅਲ ਮਨਸੂਰੀ ਯੂ.ਏ.ਈ. ਦੇ ਹਵਾਬਾਜ਼ੀ ਇਤਿਹਾਸ ਵਿੱਚ ਵਪਾਰਕ ਕਪਤਾਨ ਬਣਨ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਯੂ.ਏ.ਈ. ਦੀ ਮੂਲ ਨਿਵਾਸੀ 33 ਸਾਲਾ ਆਇਸ਼ਾ ਨੇ 2007 ਵਿੱਚ ਮਸ਼ਹੂਰ ਇਤਿਹਾਦ ਏਅਰਲਾਈਨਜ਼ ਨਾਲ ਕਮਰਸ਼ੀਅਲ ਪਾਇਲਟ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਉਹ ਇਤਿਹਾਦ ਨਾਲ ਜੁੜੀ ਹੋਈ ਹੈ। ਇਤਿਹਾਦ ਵਿੱਚ ਸਿਖਲਾਈ ਤੋਂ ਬਾਅਦ ਆਇਸ਼ਾ ਯੂ.ਏ.ਈ. ਵਿੱਚ ਇੱਕ ਸੁਪਰਜੰਬੋ ਯਾਤਰੀ ਜਹਾਜ਼ ਏਅਰਬੱਸ ਏ380 ਨੂੰ ਉਡਾਉਣ ਵਾਲੀ ਪਹਿਲੀ ਮਹਿਲਾ ਪਾਇਲਟ ਬਣੀ ਅਤੇ ਇਤਿਹਾਸ ਰਚਿਆ। ਜਿਸ ਤੋਂ ਬਾਅਦ ਆਇਸ਼ਾ ਨੇ ਇੱਕ ਵਾਰ ਫਿਰ ਕੈਪਟਨ ਦੇ ਅਹੁਦੇ 'ਤੇ ਤਰੱਕੀ ਲੈ ਕੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਖਾਸ ਗੱਲ ਇਹ ਹੈ ਕਿ ਆਇਸ਼ਾ ਨੂੰ ਕੈਪਟਨ ਦੇ ਅਹੁਦੇ 'ਤੇ ਤਰੱਕੀ ਅਮੀਰਾਤੀ ਮਹਿਲਾ ਦਿਵਸ ਤੋਂ ਕੁਝ ਦਿਨ ਪਹਿਲਾਂ ਹੀ ਦਿੱਤੀ ਗਈ ਹੈ, ਜਿਸ ਨੂੰ ਕਾਫੀ ਸਕਾਰਾਤਮਕ ਮੰਨਿਆ ਜਾ ਰਿਹਾ ਹੈ।ਤਰੱਕੀ ਬਾਰੇ ਗੱਲ ਕਰਦਿਆਂ ਕੈਪਟਨ ਆਇਸ਼ਾ ਨੇ ਕਿਹਾ ਕਿ ਉਹ ਇਤਿਹਾਦ ਨਾਲ ਜੁੜ ਕੇ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਦੇ ਮੌਕੇ ਲਈ ਉਹਨਾਂ ਦੀ ਧੰਨਵਾਦੀ ਹੈ। ਆਇਸ਼ਾ ਨੇ ਕਿਹਾ ਕਿ ਉਹ ਇਤਿਹਾਦ ਵਿਖੇ ਸਿਖਲਾਈ ਦੌਰਾਨ ਇੰਸਟ੍ਰਕਟਰਾਂ ਤੋਂ ਮਿਲੇ ਸਮਰਥਨ ਲਈ ਵੀ ਸ਼ੁਕਰਗੁਜ਼ਾਰ ਹੈ।

ਆਇਸ਼ਾ ਅਲ ਮਨਸੂਰੀ ਨੇ ਕਿਹਾ ਕਿ ਮੈਨੂੰ ਇਤਿਹਾਦ ਏਅਰਲਾਈਨਜ਼ 'ਚ ਪਹਿਲੀ ਮਹਿਲਾ ਅਮੀਰਾਤੀ ਕਪਤਾਨ ਹੋਣ 'ਤੇ ਮਾਣ ਹੈ ਅਤੇ ਮੈਂ ਇਸ ਖੇਤਰ 'ਚ ਕਰੀਅਰ ਬਣਾਉਣ ਲਈ ਨੌਜਵਾਨ ਔਰਤਾਂ ਲਈ ਪ੍ਰੇਰਨਾ ਸਰੋਤ ਬਣਨ ਦੀ ਉਮੀਦ ਕਰਦੀ ਹਾਂ।ਆਬੂਧਾਬੀ ਦੇ ਇਤਿਹਾਦ ਬ੍ਰੀਫਿੰਗ ਸੈਂਟਰ 'ਚ ਇਕ ਸਮਾਰੋਹ ਦੌਰਾਨ ਆਇਸ਼ਾ ਨੂੰ ਕੈਪਟਨ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਦਾ ਪਰਿਵਾਰ ਅਤੇ ਸਹਿਯੋਗੀ ਅਤੇ ਕੰਮ ਕਰਨ ਵਾਲੇ ਅਧਿਕਾਰੀ ਸ਼ਾਮਲ ਸਨ।2007 ਵਿੱਚ ਆਇਸ਼ਾ ਇਤਿਹਾਦ ਦੇ ਪਾਇਲਟ ਪ੍ਰੋਗਰਾਮ ਵਿੱਚ ਸ਼ਾਮਲ ਹੋਈ। ਉਸ ਸਮੇਂ ਸਿਰਫ ਦੋ ਯੂ.ਏ.ਈ. ਰਾਸ਼ਟਰੀ ਔਰਤਾਂ ਪ੍ਰੋਗਰਾਮ ਵਿੱਚ ਸਿਖਲਾਈ ਲੈ ਰਹੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਆਇਸ਼ਾ ਖੁਦ ਸੀ। 2010 ਵਿੱਚ ਆਇਸ਼ਾ ਨੇ ਆਪਣੀ ਸਿਖਲਾਈ ਪੂਰੀ ਕੀਤੀ ਅਤੇ ਜਾਰਡਨ ਲਈ ਪਹਿਲੀ ਉਡਾਣ ਭਰੀ। ਜਿਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅੱਗੇ ਵਧਦੀ ਰਹੀ। ਆਇਸ਼ਾ ਅਲ ਮਨਸੂਰੀ ਸੁਪਰਜੰਬੋ ਯਾਤਰੀ ਜਹਾਜ਼ ਏਅਰਬੱਸ ਏ380 ਉਡਾਉਣ ਵਾਲੀ ਯੂ.ਏ.ਈ. ਦੀ ਪਹਿਲੀ ਔਰਤ ਵੀ ਬਣ ਗਈ ਹੈ। ਕੈਪਟਨ ਦਾ ਅਹੁਦਾ ਹਾਸਲ ਕਰਨ ਲਈ ਆਇਸ਼ਾ ਅਲ ਮਨਸੂਰੀ ਨੂੰ ਇਤਿਹਾਦ ਦਾ ਪ੍ਰੋਗਰਾਮ ਪੂਰਾ ਕਰਨਾ ਪਿਆ। ਇਸ ਦੇ ਨਾਲ ਹੀ ਕੈਪਟਨ ਦੇ ਅਹੁਦੇ ਲਈ ਕੁਝ ਘੰਟਿਆਂ ਦਾ ਉਡਾਣ ਦਾ ਤਜਰਬਾ ਹੋਣਾ ਚਾਹੀਦਾ ਹੈ, ਜੋ ਆਇਸ਼ਾ ਕੋਲ ਸੀ। ਇਸ ਦੇ ਨਾਲ ਹੀ ਆਇਸ਼ਾ ਨੇ ਇਸ ਲਈ ਯੂ.ਏ.ਈ. ਜਨਰਲ ਸਿਵਲ ਏਵੀਏਸ਼ਨ ਅਥਾਰਟੀ ਦੀ ਪ੍ਰੀਖਿਆ ਵੀ ਪਾਸ ਕੀਤੀ, ਜਿਸ ਤੋਂ ਬਾਅਦ ਉਹ ਆਖ਼ਰਕਾਰ ਕੈਪਟਨ ਦੇ ਰੈਂਕ 'ਤੇ ਪਹੁੰਚ ਗਈ।