ਕੈਨੇਡਾ ''ਚ 27 ਸਾਲਾ ਪੰਜਾਬੀ ਨੌਜਵਾਨ ਅਰਮਾਨ ਢਿੱਲੋਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਕੈਨੇਡਾ ''ਚ 27 ਸਾਲਾ ਪੰਜਾਬੀ ਨੌਜਵਾਨ ਅਰਮਾਨ ਢਿੱਲੋਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਕੈਨੇਡਾ ਦੇ ਟਾਊਨ ਓਕਵਿਲ ਵਿੱਚ ਹਾਲ ਹੀ ਵਿੱਚ ਹੋਈ ਗੋਲੀਬਾਰੀ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ ਹਾਲਟਨ ਪੁਲਸ ਨੇ ਬੁਧਵਾਰ ਨੂੰ ਅਰਮਾਨ ਢਿੱਲੋਂ ਵਜੋਂ ਕੀਤੀ ਹੈ ਅਤੇ ਉਸ ਦੀ ਫੋਟੋ ਵੀ ਜਾਰੀ ਕੀਤੀ ਹੈ। ਅਲਬਰਟਾ ਦੇ ਰਹਿਣ ਵਾਲੇ 27 ਸਾਲਾ ਢਿੱਲੋਂ ਨੂੰ 19 ਅਗਸਤ ਦੀ ਸਵੇਰ ਨੂੰ ਬੈਲਟ ਲੇਨ ਅਤੇ ਲਿਟਲਫੀਲਡ ਕ੍ਰੇਸੈਂਟ ਦੇ ਖੇਤਰ ਵਿੱਚ ਇੱਕ ਰਿਹਾਇਸ਼ੀ ਗਲੀ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਨੇ ਉਸ ਸਮੇਂ ਦੱਸਿਆ ਕਿ ਗੋਲੀਬਾਰੀ ਵਿੱਚ ਇੱਕ ਔਰਤ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈ ਹੈ। ਢਿੱਲੋਂ ਨੂੰ 2018 ਵਿੱਚ ਐਡਮਿੰਟਨ ਵਿੱਚ ਇੱਕ ਘਾਤਕ ਗੋਲੀਬਾਰੀ ਦੇ ਸਬੰਧ ਵਿੱਚ ਫਰਸਟ-ਡਿਗਰੀ ਕਤਲ ਦੇ ਦੋਸ਼ ਤੋਂ ਬਰੀ ਕਰ ਦਿੱਤਾ ਗਿਆ ਸੀ, ਜਿਸ ਵਿੱਚ 2 ਸਾਲ ਪਹਿਲਾਂ ਇੱਕ ਨਾਈਟ ਕਲੱਬ ਵਿੱਚ ਇੱਕ 30 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਜ਼ਮਾਨਤ 'ਤੇ ਰਿਹਾਅ ਹੋਣ ਤੋਂ ਪਹਿਲਾਂ ਢਿੱਲੋਂ ਨੇ 17 ਮਹੀਨੇ ਹਿਰਾਸਤ 'ਚ ਬਿਤਾਏ। ਜਾਂਚਕਰਤਾਵਾਂ ਨੇ ਦੱਸਿਆ ਕਿ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ੱਕੀ ਮੌਕੇ ਤੋਂ ਫ਼ਰਾਰ ਹੋ ਗਏ ਸਨ। ਪੁਲਸ ਨੇ ਸ਼ੱਕੀ ਵਾਹਨ ਦੀ ਪਛਾਣ white Acura MDX ਵਜੋਂ ਕੀਤੀ ਹੈ, ਜਿਸ ਨੂੰ ਐਡਵਰਡ ਲੀਵਰ ਟ੍ਰੇਲ ਤੋਂ ਲਗਭਗ 15 ਮਿੰਟ ਦੀ ਦੂਰੀ 'ਤੇ ਓਕਵਿਲ ਦੇ ਪੂਰਬੀ ਸਿਰੇ ਵਿਚ ਐਡਿੰਗਹੈਮ ਕ੍ਰੇਸੈਂਟ 'ਤੇ ਅੱਗ ਲਗਾ ਦਿੱਤੀ ਗਈ ਸੀ। ਪੁਲਸ ਦਾ ਮੰਨਣਾ ਹੈ ਕਿ ਇਹ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਸੀ। ਸ਼ੱਕੀਆਂ ਅਤੇ ਪੀੜਤਾਂ ਵਿਚਾਲੇ ਸਬੰਧਾਂ ਦਾ ਅਜੇ ਪਤਾ ਨਹੀਂ ਲੱਗਾ ਹੈ। ਜਾਂਚਕਰਤਾਵਾਂ ਨੇ ਕਿਸੇ ਵੀ ਗਵਾਹ ਅਤੇ ਜਾਂ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਕੋਲ 19 ਅਗਸਤ ਨੂੰ ਸਵੇਰੇ 12:00 ਵਜੇ ਤੋਂ ਦੁਪਹਿਰ 2:00 ਵਜੇ ਦਰਮਿਆਨ QEW ਅਤੇ ਬਰੋਂਟੇ ਰੋਡ ਦੇ ਖੇਤਰ ਵਿੱਚ ਨਿਗਰਾਨੀ ਜਾਂ ਡੈਸ਼ ਕੈਮ ਦੀ ਕੋਈ ਵੀਡੀਓ ਹੈ ਤਾਂ ਉਹ ਤੁਰੰਤ ਸਾਡੇ ਨਾਲ ਸੰਪਰਕ ਕਰਨ।