ਪੁਲਸ ਮੁਲਾਜ਼ਮਾਂ ਦੇ ਅਯਾਸ਼ ਪੁੱਤਰਾਂ ਨੇ ਕੁੜੀ ਦੇ ਚੱਕਰ ’ਚ ਗੋਲੀ ਚਲਾਈ। 

ਪੁਲਸ ਮੁਲਾਜ਼ਮਾਂ ਦੇ ਅਯਾਸ਼ ਪੁੱਤਰਾਂ ਨੇ ਕੁੜੀ ਦੇ ਚੱਕਰ ’ਚ ਗੋਲੀ ਚਲਾਈ। 

ਨੈਸ਼ਨਲ ਹਾਈਵੇ ਟੀ-ਪੁਆਇੰਟ ਤਰਨਤਾਰਨ ਨਜ਼ਦੀਕ ਮਾਝਾ ਪਬਲਿਕ ਸਕੂਲ ਵਿਖੇ ਬੁੱਧਵਾਰ ਦੁਪਹਿਰ ਇਕ ਕੁੜੀ ਨੂੰ ਲੈ ਕੇ ਦੋ ਧੜਿਆਂ ਵਿਚ ਹੋਈ ਲੜਾਈ ਤੋਂ ਬਾਅਦ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸਨਸਨੀ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਨਜ਼ਦੀਕ ਟੀ-ਪੁਆਇੰਟ ਮਾਝਾ ਪਬਲਿਕ ਸਕੂਲ ਦੇ ਸਾਹਮਣੇ ਬੀਤੇ ਦਿਨ ਇਕ ਨਿੱਜੀ ਸਕੂਲ ਵਿਚ ਪੜ੍ਹਦੇ ਨੌਜਵਾਨਾਂ ਦੇ ਦੋ ਧੜਿਆਂ ਵਿਚਕਾਰ ਕੁੜੀ ਨਾਲ ਦੋਸਤੀ ਦੇ ਮਾਮਲੇ ਨੂੰ ਲੈ ਕੇ ਤਕਰਾਰ ਹੋ ਗਿਆ। ਇਸ ਦੌਰਾਨ ਇਕ ਧੜੇ ਵਲੋਂ ਨੈਸ਼ਨਲ ਹਾਈਵੇ ’ਤੇ ਸ਼ਰ੍ਹੇਆਮ ਗੋਲੀ ਚਲਾਈ ਗਈ, ਜੋ ਦੂਸਰੇ ਵਿਦਿਆਰਥੀ ਦੇ ਸਿਰ ਕੋਲੋ ਨਿਕਲ ਗਈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਧੜਿਆਂ ਦੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। 

ਸੂਤਰਾਂ ਅਨੁਸਾਰ ਦੋਵੇਂ ਧੜਿਆਂ ਦੇ ਵਿਦਿਆਰਥੀ ਇਕੋ ਸਕੂਲ ਵਿਚ ਪੜ੍ਹਦੇ ਹਨ, ਜਿਨ੍ਹਾਂ ਨੇ ਕੁਝ ਸਾਥੀਆਂ ਨੂੰ ਬਾਹਰੋਂ ਬੁਲਾਇਆ ਸੀ। ਲੜਾਈ ਕਰਨ ਵਾਲੇ ਦੋਵੇਂ ਵਿਦਿਆਰਥੀ ਪੁਲਸ ਮੁਲਾਜ਼ਮਾਂ ਦੇ ਅਯਾਸ਼ ਪੁੱਤਰ ਹਨ, ਜੋ ਸਥਾਨਕ ਜ਼ਿਲ੍ਹੇ ਦੇ ਨਿਵਾਸੀ ਦੱਸੇ ਜਾ ਰਹੇ ਹਨ। ਪੁਲਸ ਮੁਲਾਜ਼ਮਾਂ ਦੇ ਪੁੱਤਰਾਂ ’ਚ ਹੋਈ ਲੜਾਈ ਦਾ ਮਾਮਲਾ ਪੁਲਸ ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਵੀ ਆ ਚੁੱਕਾ ਹੈ, ਜਿਸ ਨੂੰ ਦਬਾਉਣ ਲਈ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸਿਫ਼ਾਰਸ਼ਾਂ ਜਾਰੀ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲਸ ਵਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਕੋਈ ਵੀ ਹੋਵੇ।