- Updated: July 07, 2022 03:58 PM
ਦੁਬਈ -
ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 6 ਸਾਲਾਂ 'ਚ ਪਹਿਲੀ ਵਾਰ ਆਈ.ਸੀ.ਸੀ. ਟੈਸਟ ਰੈਂਕਿੰਗ ਦੇ ਟਾਪ-10 'ਚੋਂ ਬਾਹਰ ਹੋ ਗਏ ਹਨ। ਬੁੱਧਵਾਰ ਨੂੰ ਜਾਰੀ ਆਈ.ਸੀ.ਸੀ. ਦੀ ਤਾਜ਼ਾ ਰੈਂਕਿੰਗ ਮੁਤਾਬਕ ਕੋਹਲੀ 4 ਸਥਾਨ ਖਿਸਕ ਕੇ 714 ਰੇਟਿੰਗ ਨਾਲ 13ਵੇਂ ਸਥਾਨ 'ਤੇ ਆ ਗਏ ਹਨ। ਖ਼ਰਾਬ ਫਾਰਮ ਨਾਲ ਜੂਝ ਰਹੇ ਕੋਹਲੀ ਨੇ ਇੰਗਲੈਂਡ ਖ਼ਿਲਾਫ਼ 5ਵੇਂ ਟੈਸਟ ਦੀਆਂ 2 ਪਾਰੀਆਂ ਵਿੱਚ ਸਿਰਫ਼ 31 (11, 20) ਦੌੜਾਂ ਬਣਾਈਆਂ ਸਨ। ਇਸ ਦੌਰਾਨ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਐਜਬੈਸਟਨ ਟੈਸਟ 'ਚ 146 ਅਤੇ 57 ਦੌੜਾਂ ਦੇ ਸਕੋਰ ਨਾਲ ਰੈਂਕਿੰਗ 'ਚ ਵੱਡੀ ਛਾਲ ਮਾਰੀ ਹੈ। ਪੰਤ 5 ਸਥਾਨ ਦੇ ਫ਼ਾਇਦੇ ਨਾਲ 801 ਦੀ ਰੇਟਿੰਗ ਨਾਲ ਟੈਸਟ ਰੈਂਕਿੰਗ 'ਚ 5ਵੇਂ ਸਥਾਨ 'ਤੇ ਪਹੁੰਚ ਗਏ ਹਨ।
ਕੋਰੋਨਾ ਕਾਰਨ ਇਸ ਟੈਸਟ ਤੋਂ ਬਾਹਰ ਹੋਏ ਰੋਹਿਤ ਸ਼ਰਮਾ ਇਕ ਸਥਾਨ ਖਿਸਕ ਕੇ 9ਵੇਂ ਸਥਾਨ 'ਤੇ ਆ ਗਏ ਹਨ, ਜਦਕਿ ਪਿਛਲੀਆਂ ਪੰਜ ਪਾਰੀਆਂ 'ਚ ਚਾਰ ਸੈਂਕੜੇ ਲਗਾਉਣ ਵਾਲੇ ਇੰਗਲੈਂਡ ਦੇ ਜੌਨੀ ਬੇਅਰਸਟੋ 11 ਸਥਾਨਾਂ ਦੀ ਛਲਾਂਗ ਲਗਾ ਕੇ 10ਵੇਂ ਸਥਾਨ 'ਤੇ ਪਹੁੰਚ ਗਏ ਹਨ। ਪਟੌਦੀ ਟਰਾਫੀ ਵਿੱਚ ਇੰਗਲੈਂਡ ਦੇ ਮੈਨ ਆਫ ਦਿ ਸੀਰੀਜ਼ ਰਹੇ ਜੋਅਰੂਟ 923 ਦੀ ਰੈਂਕਿੰਗ ਦੇ ਨਾਲ ਸਿਖਰਲੇ ਟੈਸਟ ਬੱਲੇਬਾਜ਼ ਬਣੇ ਹੋਏ ਹਨ।