- Updated: September 05, 2022 02:28 PM
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੈਨੇਡਾ 'ਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਦੇ ਵਿਕਾਸ 'ਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਕੈਨੇਡਾ ਦੇ ਦੌਰੇ ਦੌਰਾਨ ਵੈਨਕੂਵਰ ਵਿਖੇ ਪੰਜਾਬੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਪੰਜਾਬੀ ਦੁਨੀਆਂ ਭਰ 'ਚ ਜਿੱਥੇ ਵੀ ਗਏ ਹਨ, ਉੱਥੇ ਉਨ੍ਹਾਂ ਨੇ ਆਪਣੇ ਸੁਭਾਅ ਅਤੇ ਸਖ਼ਤ ਮਿਹਨਤ ਸਦਕਾ ਆਪਣੀ ਵੱਖਰੀ ਪਛਾਣ ਬਣਾਈ ਹੈ।ਪੰਜਾਬੀਆਂ ਦੀ ਇਹ ਵਿਸ਼ੇਸ਼ਤਾ ਹੀ ਉਨ੍ਹਾਂ ਨੂੰ ਬਾਕੀਆਂ ਨਾਲੋਂ ਵੱਖਰਾ ਮੁਕਾਮ ਦਿਵਾਉਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਕੈਨੇਡਾ ਦੇ ਵਿਕਾਸ 'ਚ ਵੀ ਵੱਡਾ ਯੋਗਦਾਨ ਪਾਇਆ ਹੈ ਅਤੇ ਆਪਣੇ ਵਿਸ਼ਾਲ ਕਾਰੋਬਾਰ ਖੜ੍ਹੇ ਕੀਤੇ ਹਨ। ਸੰਧਵਾਂ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਆਪਣੀ ਮਾਤ ਭੂਮੀ ਦੇ ਵਿਕਾਸ ਲਈ ਵੀ ਇਸ ਤਰ੍ਹਾਂ ਦੀ ਭੂਮਿਕਾ ਨਿਭਾਏ ਜਾਣ ਦੀ ਜ਼ਿੰਮੇਵਾਰੀ ਬਣਦੀ ਹੈ।

ਆਪਣੇ ਸੰਬੋਧਨ ਦੌਰਾਨ ਸੰਧਵਾਂ ਨੇ ਕੈਨੇਡਾ ’ਚ ਵੱਸਦੇ ਪੰਜਾਬੀਆਂ ਨੂੰ ਪੰਜਾਬ 'ਚ ਵੀ ਆਪਣੀਆਂ ਵਿਕਾਸਮਈ ਪਹਿਲ ਕਦਮੀਆਂ ਸ਼ੁਰੂ ਕਰਨ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਪੰਜਾਬੀ ਭਾਵੇਂ ਆਪਣੀ ਮਾਤ ਭੂਮੀ ਤੋਂ ਹਜ਼ਾਰਾਂ ਮੀਲ ਦੂਰ ਵੱਸਦੇ ਹਨ ਪਰ ਉਨ੍ਹਾਂ ਦੀ ਰੂਹ ਪੰਜਾਬ 'ਚ ਹੀ ਵੱਸਦੀ ਹੈ। ਸੰਧਵਾਂ ਨੇ ਕਿਹਾ ਕਿ ਹਰੇਕ ਪੰਜਾਬੀ ਨੂੰ ਉਨ੍ਹਾਂ ਦੀ ਸਫ਼ਲਤਾ 'ਤੇ ਵੱਡਾ ਮਾਣ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਹ ਦੇਸ਼ 'ਚ ਵੱਸਦੇ ਆਪਣੇ ਲੋਕਾਂ ਦੇ ਵਿਕਾਸ ਲਈ ਵੀ ਕਦਮ ਚੁੱਕਣਗੇ। ਉਨ੍ਹਾਂ ਨੇ ਪੰਜਾਬ 'ਚ ਆਪਣੇ ਉੱਦਮ ਸ਼ੁਰੂ ਕਰਨ ਵਾਲਿਆਂ ਨੂੰ ਹਰ ਮਦਦ ਦੇਣ ਦਾ ਭਰੋਸਾ ਦਿਵਾਇਆ। ਇਸ ਦੌਰਾਨ ਪੰਜਾਬੀ ਭਾਈਚਾਰੇ ਨੇ ਸੰਧਵਾਂ ਦਾ ਵੱਖ-ਵੱਖ ਥਾਵਾਂ ’ਤੇ ਭਰਪੂਰ ਸੁਆਗਤ ਕੀਤਾ।