ਪੰਜਾਬ ਦੇ ਵੱਡੇ ਸਿਆਸਤਦਾਨ ਆਏ ਸੋਸ਼ਲ ਮੀਡੀਆ ''ਤੇ ਟ੍ਰੋਲ ਹੋ ਰਹੇ ਅਰਸ਼ਦੀਪ ਸਿੰਘ ਦੇ ਸਮਰਥਨ ''ਚ

ਪੰਜਾਬ ਦੇ ਵੱਡੇ ਸਿਆਸਤਦਾਨ ਆਏ ਸੋਸ਼ਲ ਮੀਡੀਆ ''ਤੇ ਟ੍ਰੋਲ ਹੋ ਰਹੇ ਅਰਸ਼ਦੀਪ ਸਿੰਘ ਦੇ ਸਮਰਥਨ ''ਚ

ਏਸ਼ੀਆ ਕੱਪ 'ਚ ਭਾਰਤ-ਪਾਕਿ ਮੁਕਾਬਲੇ ਦੌਰਾਨ ਅਰਸ਼ਦੀਪ ਸਿੰਘ ਕੋਲੋਂ ਆਸਿਫ਼ ਅਲੀ ਦਾ ਕੈਚ ਛੁੱਟ ਗਿਆ ਜੋ ਕਿ ਮੈਚ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ। ਇਸ ਤੋਂ ਬਾਅਦ ਕੁਝ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਅਰਸ਼ਦੀਪ ਸਿੰੰਘ ਨੂੰ ਟ੍ਰੋਲ ਕੀਤਾ ਜਾ ਰਿਹਾ ਸੀ। ਇਸ ਤੋਂ ਬਾਅਦ ਪੰਜਾਬ ਦੇ ਕਈ ਵੱਡੇ ਸਿਆਸਤਦਾਨ ਉਸ ਦੇ ਬਚਾਅ 'ਚ ਅੱਗੇ ਆਏ ਹਨ। ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜ ਸਭਾ ਮੈਂਬਰ ਰਾਘਵ ਚੱਡਾ ਅਤੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਕਾਂਗਰਸ ਦੇ ਨੇਤਾ ਰਾਜਾ ਵੜਿੰਗ ਤੇ ਅਕਾਲੀ ਦਲ ਦੇ ਨੇਤਾ ਸੁਖਰੀਬ ਸਿੰਘ ਬਾਦਲ ਅਰਸ਼ਦੀਪ ਦੇ ਬਚਾਅ ਵਿੱਚ ਆਏ ਹਨ। ਅਰਸ਼ਦੀਪ ਦੁਆਰਾ ਛੱਡਿਆ ਗਿਆ ਕੈਚ ਭਾਰਤ-ਪਾਕਿ ਮੈਚ ਵਿੱਚ ਟਰਨਿੰਗ ਪੁਆਇੰਟ ਸਾਬਤ ਹੋਇਆ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅਰਸ਼ਦੀਪ ਸਿੰਘ ਨੂੰ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ।

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਟਵੀਟ ਕਰਦਿਆਂ ਕਿਹਾ ਕਿ ਹਾਰ ਜਿੱਤ ਨੂੰ ਖੇਡਾਂ ਦੇ ਹਿੱਸਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਰਸ਼ਦੀਪ ਸਿੰਘ ਭਾਰਤੀ ਟੀਮ ਦਾ ਇੱਕ ਉੱਭਰਦਾ ਸਿਤਾਰਾ ਹੈ ਅਤੇ ਪਾਕਿਸਤਾਨ ਖਿਲਾਫ਼ ਮੈਚ ਵਿੱਚ ਵੀ ਅਰਸ਼ਦੀਪ ਸਿੰਘ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਰਸ਼ਦੀਪ ਸਾਡੇ ਦੇਸ਼ ਦਾ ਭਵਿੱਖ ਹੈ ਤੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। ਅੰਤ ਵਿੱਚ ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਨਫ਼ਰਤ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ।

ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਟਵਿੱਟਰ 'ਤੇ ਪੋਸਟ ਕਰਦਿਆ ਅਰਸ਼ਦੀਪ ਨੂੰ ਟਰੋਲ ਕਰਨ ਵਾਲ਼ਿਆਂ ਨੂੰ ਮੁੰਹ ਤੋੜ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਸੋਸ਼ਲ ਮੀਡੀਆ 'ਤੇ ਅਰਸ਼ਦੀਪ ਬਾਰੇ ਗਲਤ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਸੋਸ਼ਲ ਮੀਡੀਆ 'ਤੇ ਅਰਸ਼ਦੀਪ ਬਾਰੇ ਗਲਤ ਗੱਲਾਂ ਕਰ ਰਹੇ ਹਨ ਉਹ ਆਪਣਾ ਟੀਮ ਦਾ ਮਨੋਬਲ ਆਪ ਸੁੱਟ ਰਹੇ ਹਨ। ਹਰਭਜਨ ਸਿੰਘ ਨੇ ਅਰਸ਼ਦੀਪ ਨੂੰ ਭਾਰਤ ਲਈ ਸੋਨੇ ਦੇ ਬਰਾਬਰ ਦੱਸਿਆ ਅਤੇ ਕਿਹਾ ਕਿ ਸਾਨੂੰ ਆਪਣੇ ਖਿਡਾਰੀਆਂ 'ਤੇ ਮਾਣ ਹੈ।

ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਟਵੀਟ ਕਰਦਿਆਂ ਅਰਸ਼ਦੀਪ ਸਿੰਘ ਦੇ ਆਉਣ ਵਾਲ਼ੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਦੇ ਧਰਮ ਕਰਕੇ ਉਸ ਨੂੰ ਨਫਰਤ ਦਾ ਸ਼ਿਕਾਰ ਬਣਾਇਆ ਜਾਣਾ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਅਰਸ਼ਦੀਪ ਕੋਲ ਕਮਾਲ ਦਾ ਹੁਨਰ ਹੈ ਅਤੇ ਉਹ ਆਉਣ ਵਾਲੇ ਸਾਲਾਂ ਵਿੱਚ ਭਾਰਤੀ ਕ੍ਰਿਕਟ ਟੀਮ ਦੀ ਹਮਲਾਵਰ ਗੇਂਦਬਾਜ਼ੀ ਸਾਂਭੇਗਾ । ਉਨ੍ਹਾਂ ਕਿਹਾ ਕਿ ਨਫਰਤ ਕਦੇ ਵੀ ਅਰਸ਼ਦੀਪ ਦੇ ਹੁਨਰ ਨੂੰ ਪਿੱਛੇ ਨਹੀ ਖਿੱਚ ਸਕਦੀ।

ਕੈਪਟਨ ਅਮਰਿੰਦਰ ਸਿੰਘ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਦਿਆਂ ਕਿਹਾ ਕਿ ਇੱਕ ਗਲਤੀ ਕਾਰਨ ਕਿਸੇ ਦਾ ਮਜ਼ਾਕ ਬਣਾਉਣਾ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਖਿਡਾਰੀਆਂ 'ਤੇ ਬਹੁਤ ਪ੍ਰੈਸ਼ਰ ਹੁੰਦਾ ਹੈ ਜਿਸ ਕਾਰਨ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ । ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਅਰਸ਼ਦੀਪ ਦੇ ਸ਼ਾਨਦਾਰ ਕੈਰੀਅਰ ਦੀ ਕਾਮਨਾਂ ਕੀਤੀ ਅਤੇ ਕਿਹਾ ਕਿ ਅਰਸ਼ਦੀਪ ਨੂੰ ਇਨ੍ਹਾਂ ਗੱਲਾਂ ਕਾਰਨ ਨਰਾਜ਼ ਨਹੀਂ ਹੋਣਾ ਚਾਹੀਦਾ।

ਭਾਰਤੀ ਜਨਤਾ ਪਾਰਟੀ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦੇ ਹੋਏ ਕਿਹਾ ਭਾਰਤ ਕ੍ਰਿਕਟ ਤੋਂ ਪਹਿਲਾਂ ਆਉਂਦਾ ਹੈ। ਮੈਂ ਪਾਕਿਸਤਾਨ ਵਲੋਂ ਅਰਸ਼ਦੀਪ ਸਿੰਘ ਖ਼ਿਲਾਫ ਪ੍ਰਚਾਰ ਨੂੰ ਨਕਾਰਦਾ ਹਾਂ ਅਤੇ ਅਰਸ਼ਦੀਪ ਸਿੰਘ ਦੇ ਨਾਲ ਖੜ੍ਹਾ ਹਾਂ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਰਸ਼ਦੀਪ ਦੇ ਸਮਰਥਨ 'ਚ ਟਵੀਟ ਕਰਦੇ ਹੋਏ ਕਿਹਾ ਕਿ ਅਸੀਂ ਪਹਿਲੇ ਅਤੇ ਸਭ ਤੋਂ ਪ੍ਰਮੁੱਖ ਭਾਰਤੀ ਹਾਂ। ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ ਬਾਅਦ ਵਿੱਚ। ਸਿੱਖ ਸਭ ਤੋਂ ਵੱਧ ਦੇਸ਼ ਭਗਤ ਅਤੇ ਰਾਸ਼ਟਰਵਾਦੀ ਭਾਈਚਾਰਾ ਹੈ। ਸਿਰਫ ਇਕ ਕੈਚ ਦੇ ਖੁੰਝਣ ਕਾਰਨ ਖਾਲਿਸਤਾਨੀ ਦਾ ਲੇਬਲ ਕਰਨਾ ਸਾਡੀ ਰਾਸ਼ਟਰੀ ਮਾਨਸਿਕਤਾ ਤੇ ਖੇਡਾਂ ਦੀ ਭਾਵਨਾ ਦੇ ਵਿਰੁੱਧ ਹੈ।

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਅਰਸ਼ਦੀਪ ਦੇ ਬਚਾਅ ਵਿੱਚ ਉੱਤਰੇ ਹਨ। ਉਨ੍ਹਾਂ ਕਿਹਾ ਕਿ ਦਬਾਅ ਵਾਲ਼ੇ ਹਲਾਤਾਂ ਵਿੱਚ ਅਜਿਹੀ ਗਲਤੀ ਹੋਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਸਾਡੇ ਖਿਡਾਰੀਆਂ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ ਇਸ ਲਈ ਕਿਸੇ ਨੂੰ ਵੀ ਸਾਡੇ ਖਿਡਾਰੀਆਂ ਦਾ ਮਜ਼ਾਕ ਬਣਾਉਣ ਦਾ ਹੱਕ ਨਹੀਂ ਹੈ।