- Updated: May 16, 2026 11:35 AM
ਮਲੇਰਕੋਟਲਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ।ਸ਼ੁੱਕਰਵਾਰ ਸ਼ਾਮ ਨੂੰ ਮਲੇਰਕੋਟਲਾ ਵਿੱਚ ਇੱਕ ਕੂੜੇ ਦੇ ਢੇਰ ਵਿਚ ਇੱਕ ਧਮਾਕਾ ਹੋਇਆ, ਜਿਸ ਵਿੱਚ ਇੱਕ ਪਸ਼ੂ ਗੰਭੀਰ ਜ਼ਖਮੀ ਹੋ ਗਈ। ਇਹ ਘਟਨਾ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੀ ਕੋਠੀ ਦੇ ਨੇੜੇ ਵਾਪਰੀ। ਅਧਿਕਾਰੀਆਂ ਨੇ ਕਿਹਾ ਕਿ ਬਠਿੰਡਾ ਤੋਂ ਫੋਰੈਂਸਿਕ ਟੀਮਾਂ ਨੂੰ ਮੌਕੇ ਦੀ ਜਾਂਚ ਕਰਨ ਅਤੇ ਧਮਾਕੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਬੁਲਾਇਆ ਗਿਆ ਹੈ।
ਮੁਹੰਮਦ ਹਮਜ਼ਾ, ਇੱਕ ਡੇਅਰੀ ਫਾਰਮਰ, ਜਿਸਦੀ ਮੱਝ ਧਮਾਕੇ ਵਿੱਚ ਜ਼ਖਮੀ ਹੋਈ ਸੀ, ਨੇ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਉਸ ਦਾ ਪਸ਼ੂ ਕੂੜੇ ਦੇ ਢੇਰ ਦੇ ਨੇੜੇ ਪਹੁੰਚਿਆ, ਜਿਵੇਂ ਹੀ ਉਸ ਨੇ ਇੱਕ ਪੋਲੀਥੀਨ ਬੈਗ ‘ਤੇ ਪੈਰ ਰੱਖਿਆ ਤਾਂ ਅਚਾਨਕ ਧਮਾਕਾ ਹੋ ਗਿਆ, ਜੋਕਿ ਇੰਨਾ ਜ਼ੋਰਦਾਰ ਸੀ ਕਿ ਜਾਨਵਰ ਕਈ ਫੁੱਟ ਹਵਾ ਵਿੱਚ ਉਛਲ ਗਿਆ ਤੇ ਉਹ ਖੁਦ ਵੀ ਡਿੱਗ ਗਿਆ।
ਮਲੇਰਕੋਟਲਾ ਦੇ ਸੀਨੀਅਰ ਸੁਪਰਡੈਂਟ (ਐਸਐਸਪੀ) ਗੁਰਮੀਤ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਧਮਾਕਾ ਕਥਿਤ ਤੌਰ ‘ਤੇ ਘਟਨਾ ਸਥਾਨ ‘ਤੇ ਸੁੱਟੇ ਗਏ ਪੋਟਾਸ਼ ਪਦਾਰਥ ਕਾਰਨ ਹੋਇਆ ਹੋ ਸਕਦਾ ਹੈ। ਪੁਲਿਸ ਵੱਲੋਂ ਸਾਰੇ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਇੱਕ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐਸਐਸਪੀ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਧਮਾਕੇ ਦਾ ਕਾਰਨ ਪਤਾ ਲਗਾਇਆ ਜਾਵੇਗਾ।