ਪੰਜਾਬ: ਪੁਲਸ ਦੀ ਮੌਜੂਦਗੀ ਵਿੱਚ ਅਕਾਲੀ ਆਗੂ ਨੂੰ ਮਾਰੀ ਗਈ ਗੋਲੀ, ਇਲਾਜ ਦੌਰਾਨ ਹੋਈ ਮੌਤ।

ਪੰਜਾਬ: ਪੁਲਸ ਦੀ ਮੌਜੂਦਗੀ ਵਿੱਚ ਅਕਾਲੀ ਆਗੂ ਨੂੰ ਮਾਰੀ ਗਈ ਗੋਲੀ, ਇਲਾਜ ਦੌਰਾਨ ਹੋਈ ਮੌਤ।

ਬਠਿੰਡਾ ਦੇ ਪਿੰਡ ਗੁਰੂਸਰ ਸੈਣੇਵਾਲਾ 'ਚ ਪੁਲਸ ਦੀ ਮੌਜੂਦਗੀ ਦੌਰਾਨ ਹੋਈ ਗੋਲੀਬਾਰੀ ਨੇ ਆਖ਼ਿਰ ਇਕ ਹੋਰ ਜਾਨ ਲੈ ਲਈ। ਅਕਾਲੀ ਆਗੂ ਨਿਰਮਲ ਸਿੰਘ ਉਰਫ਼ ਟੀਟੂ ਨੇ 17 ਦਿਨ ਤੱਕ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜਨ ਤੋਂ ਬਾਅਦ ਸ਼ਨੀਵਾਰ ਨੂੰ ਨਿੱਜੀ ਹਸਪਤਾਲ ਵਿੱਚ ਦਮ ਤੋੜ ਦਿੱਤਾ। ਟੀਟੂ ਦੀ ਮੌਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ, ਜਦਕਿ ਪੁਲਸ ਦੀ ਭੂਮਿਕਾ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।

ਜਾਣਕਾਰੀ ਅਨੁਸਾਰ ਨਿਰਮਲ ਸਿੰਘ ਟੀਟੂ ਦਾ ਆਪਣੇ ਕਰੀਬੀ ਰਿਸ਼ਤੇਦਾਰਾਂ ਨਾਲ ਜ਼ਮੀਨ ਨੂੰ ਲੈ ਕੇ ਪੁਰਾਣਾ ਵਿਵਾਦ ਚੱਲ ਰਿਹਾ ਸੀ। ਦੋਸ਼ ਹੈ ਕਿ 30 ਅਪ੍ਰੈਲ ਨੂੰ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਤੋਂ ਪੁਲਸ ਟੀਮ ਕੁਝ ਸਾਦੇ ਕੱਪੜਿਆਂ ਵਾਲੇ ਲੋਕਾਂ ਨੂੰ ਨਾਲ ਲੈ ਕੇ ਪਿੰਡ ਪਹੁੰਚੀ। ਉਸ ਵੇਲੇ ਟੀਟੂ ਆਪਣੇ ਖੇਤ 'ਚ ਟਰੈਕਟਰ ਚਲਾ ਰਹੇ ਸਨ। ਇਸ ਦੌਰਾਨ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਅਤੇ ਤਕਰਾਰ ਨੇ ਹਿੰਸਕ ਰੂਪ ਧਾਰ ਲਿਆ। ਵੇਖਦੇ ਹੀ ਵੇਖਦੇ ਗੋਲ਼ੀਆਂ ਚੱਲ ਪਈਆਂ ਅਤੇ ਇਕ ਗੋਲ਼ੀ ਟੀਟੂ ਦੇ ਪੇਟ 'ਚ ਲੱਗ ਗਈ। ਘਟਨਾ ਤੋਂ ਬਾਅਦ ਗੰਭੀਰ ਹਾਲਤ ਵਿੱਚ ਉਨ੍ਹਾਂ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਸ਼ਨੀਵਾਰ ਨੂੰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਮ੍ਰਿਤਕ ਦੇ ਪੁੱਤਰ ਗੋਪੀ ਨੇ ਪੂਰੇ ਮਾਮਲੇ ਨੂੰ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੰਦਿਆਂ ਪੁਲਸ ’ਤੇ ਗੰਭੀਰ ਦੋਸ਼ ਲਗਾਏ ਹਨ। ਗੋਪੀ ਦਾ ਕਹਿਣਾ ਹੈ ਕਿ ਇਕ ਇੰਸਪੈਕਟਰ ਅਤੇ ਕੁਝ ਪ੍ਰਭਾਵਸ਼ਾਲੀ ਲੋਕਾਂ ਨੇ ਰਾਜਨੀਤਿਕ ਦਬਾਅ ਹੇਠ ਉਨ੍ਹਾਂ ਦੇ ਪਿਤਾ ਖ਼ਿਲਾਫ਼ ਕੋਟਕਪੂਰਾ ਸਿਟੀ ਥਾਣੇ ਵਿੱਚ ਝੂਠਾ ਕੇਸ ਦਰਜ ਕਰਵਾਇਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਵਾਰਦਾਤ ਵਾਲੇ ਦਿਨ ਸਵੇਰੇ ਰਿਸ਼ਤੇਦਾਰ ਕਈ ਗੱਡੀਆਂ ਵਿੱਚ ਹਥਿਆਰਬੰਦ ਲੋਕਾਂ ਅਤੇ ਪੁਲਸ ਟੀਮ ਦੇ ਨਾਲ ਘਰ ਪਹੁੰਚੇ ਸਨ। ਗੋਪੀ ਮੁਤਾਬਕ ਹਾਲਾਤ ਵਿਗੜਦੇ ਦੇਖ ਉਨ੍ਹਾਂ ਨੇ ਤੁਰੰਤ 112 ਨੰਬਰ ’ਤੇ ਕਾਲ ਕੀਤੀ ਪਰ ਕੋਈ ਮਦਦ ਨਹੀਂ ਮਿਲੀ। ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਦੀ ਮੌਜੂਦਗੀ ਵਿੱਚ ਗੋਲ਼ੀ ਚੱਲੀ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਿਹਾ।

ਉਧਰ ਨਿਰਮਲ ਸਿੰਘ ਟੀਟੂ ਦੀ ਮੌਤ ਤੋਂ ਬਾਅਦ ਥਾਣਾ ਸੰਗਤ ਮੰਡੀ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪਿੰਡ ਅਤੇ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਤੇਜ਼ ਹੈ ਕਿ ਜੇ ਮੌਕੇ ’ਤੇ ਮੌਜੂਦ ਪੁਲਸ ਸਮੇਂ ਸਿਰ ਦਖ਼ਲ ਕਰਦੀ ਤਾਂ ਸ਼ਾਇਦ ਟੀਟੂ ਦੀ ਜਾਨ ਬਚ ਸਕਦੀ ਸੀ। ਘਟਨਾ ਤੋਂ ਬਾਅਦ ਇਲਾਕੇ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਅਕਾਲੀ ਦਲ ਨਾਲ ਜੁੜੇ ਵਰਕਰਾਂ ਅਤੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਪਰਿਵਾਰ ਨੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਪੁਲਸ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ ਹੈ।