ਮਾਨਸਾ ਦੇ ਐੱਸ. ਐੱਸ. ਪੀ. ਦਾ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਵੱਡਾ ਬਿਆਨ

ਮਾਨਸਾ ਦੇ ਐੱਸ. ਐੱਸ. ਪੀ. ਦਾ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਵੱਡਾ ਬਿਆਨ

 ਬਹੁ-ਚਰਚਿਤ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਬੇਸ਼ੱਕ ਕੁਝ ਵਿਅਕਤੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਨਵੇਂ ਵਿਅਕਤੀਆਂ ਦਾ ਨਾਂ ਸਾਹਮਣੇ ਆ ਰਿਹਾ ਹੈ ਪਰ ਜ਼ਿਲ੍ਹਾ ਪੁਲਸ ਮੁਖੀ ਗੌਰਵ ਤੂਰਾ ਵੱਲੋਂ ਇਸ ਸਬੰਧੀ ਸ਼ੋਸ਼ਲ ਮੀਡੀਆ ਤੇ ਹੋਰ ਥਾਵਾਂ ’ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਪੁਲਸ ਮੁਖੀ ਦਾ ਦਾਅਵਾ ਹੈ ਕਿ ਸਿੱਧੂ ਮੂਸੇਵਾਲਾ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮਾਨਸਾ ਤੇ ਪੰਜਾਬ ਭਰ ਦੀ ਪੁਲਸ ਦਿਨ-ਰਾਤ ਲੱਗੀ ਹੋਈ ਹੈ। ਐੱਸ. ਐੱਸ. ਪੀ. ਤੂਰਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵੱਲੋਂ ਬਣਾਈ ਗਈ ‘ਸਿੱਟ’ ਵਿਚ ਕੁਝ ਅਫਸਰਾਂ ਜਿਸ ਵਿਚ ਏ. ਡੀ.ਜੀ.ਪੀ. ਪ੍ਰਮੋਦ ਬਾਨ, ਆਈ.ਜੀ. ਜਸਕਰਨ ਸਿੰਘ, ਏ. ਆਈ. ਜੀ. ਗੁਰਮੀਤ ਸਿੰਘ ਚੌਹਾਨ ਨੂੰ ਬਾਏ ਨੇਮ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਉਹ ਅਤੇ ਮਾਨਸਾ ਦੇ ਹੋਰ ਅਧਿਕਾਰੀ ਬਤੌਰ ਪੁਲਸ ਅਹੁਦੇ ਵਜੋਂ ‘ਸਿੱਟ’ ਵਿਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੋ ਥਾਣਾ ਸਿਟੀ-1 ਮਾਨਸਾ ਦੇ ਮੁਖੀ ਦੀ ਬਦਲੀ ਨੂੰ ਲੈ ਕੇ ਮੂਸੇਵਾਲਾ ਕਤਲ ਕਾਂਡ ਜਾਂਚ ਅਫਸਰ ਬਦਲਣ ਦੀ ਅਫਵਾਹ ਫੈਲੀ ਹੈ, ਉਸ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਹ ਇਕ ਰੂਟੀਨ ਦੀ ਬਦਲੀ ਹੈ। ਥਾਣਾ ਸਿਟੀ-1 ਦਾ ਜੋ ਵੀ ਇੰਚਾਰਜ ਹੋਵੇਗਾ, ਉਹ ਇਸ ‘ਸਿੱਟ’ ਵਿਚ ਸ਼ਾਮਲ ਹੈ। ਇਸ ਕਰ ਕੇ ਜਾਂਚ ਅਧਿਕਾਰੀ ਬਦਲਣ ਦੀਆਂ ਗੱਲਾਂ ਉਸਾਰੀਆਂ ਨਾ ਜਾਣ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਇਸ ਕਤਲ ਕਾਂਡ ਦੇ ਸਬੰਧ ਵਿਚ ਦਿੱਲੀ ਪੁਲਸ ਵੱਲੋਂ ਫੜੇ ਗਏ ਕੁਝ ਵਿਅਕਤੀਆਂ ਦੇ ਆਧਾਰ ’ਤੇ ਕਤਲ ਵਾਲੇ ਦਿਨ ਕੁਝ ਵਿਅਕਤੀ ਪਿੰਡ ਖਿਆਲਾ ਵਿਖੇ ਰੁਕੇ ਹੋਣ ਦੀ ਗੱਲ ਕਹੀ ਗਈ ਅਤੇ ਕਿਹਾ ਗਿਆ ਕਿ ਇਸ ਵਿਚ ਮਾਨਸਾ ਪੁਲਸ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ। ਗੌਰਵ ਤੂਰਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਇਕ ਅੰਨ੍ਹਾ ਕਤਲ ਕੇਸ ਸੀ । ਕਾਤਲ ਕਿਤੇ ਵੀ ਲੁਕੇ ਹੋ ਸਕਦੇ ਸਨ , ਜਦ ਉਨ੍ਹਾਂ ਦੀ ਪਛਾਣ ਹੀ ਨਹੀਂ ਸੀ। ਇਸ ਲਈ ਇਹ ਗੱਲਾਂ ਨਿਰ ਆਧਾਰ ਹਨ । ਉਨ੍ਹਾਂ ਕਿਹਾ ਕਿ ਕਾਤਲਾਂ ਦੀ ਪਛਾਣ ਇਸ ਕਤਲ ਕਾਂਡ ਦੀ ਡੂੰਘੀ ਜਾਂਚ ਤੋਂ ਬਾਅਦ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਬਾਕੀ ਦੋਸ਼ੀ ਵੀ ਪੁਲਸ ਦੀ ਗ੍ਰਿਫਤਾਰ ਵਿਚ ਹੋਣਗੇ ਅਤੇ ਜੋ ਵਿਦੇਸ਼ਾਂ ਵਿਚ ਬੈਠੇ ਹਨ, ਉਨ੍ਹਾਂ ਨੂੰ ਫੜ ਕੇ ਲਿਆਉਣ ਲਈ ਵੀ ਪੁਲਸ ਕਾਰਵਾਈ ਜਾਰੀ ਹੈ।

         Image

ਜ਼ਿਲ੍ਹਾ ਪੁਲਸ ਮੁਖੀ ਗੌਰਵ ਤੂਰਾ ਨੇ ਦੱਸਿਆ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਮਿਲੀ ਧਮਕੀ ਸਬੰਧੀ ਪੁਲਸ ਵੱਲੋਂ ਇਸ ਈਮੇਲ ਨੂੰ ਗੂਗਲ ਰਾਹੀਂ ਪੜਤਾਲਿਆ ਜਾ ਰਿਹਾ ਹੈ ਅਤੇ ਪੁਲਸ ਨੂੰ ਆਸ ਹੈ ਕਿ ਇਸ ਧਮਕੀ ਦੇ ਅਸਲੀ ਨਕਲੀ ਹੋਣ ਦਾ ਮਾਮਲਾ ਸਾਫ਼ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀ ਸੁਰੱਖਿਆ ਪਹਿਲੇ ਦਿਨ ਤੋਂ ਹੀ ਵਧਾਈ ਹੋਈ ਹੈ।
ਉਧਰ ਪਤਾ ਲੱਗਾ ਹੈ ਕਿ ਕਾਰੋਬਾਰ ਨੂੰ ਲੈ ਕੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਵਿਦੇਸ਼ ਚਲੇ ਗਏ ਹਨ। ਉਹ ਅੱਜ ਸਵੇਰੇ ਘਰੋਂ ਗਏ ਹਨ ਅਤੇ ਉਨ੍ਹਾਂ ਦੀ ਵਾਪਸੀ ਬਾਰੇ ਕੋਈ ਜਾਣਕਾਰੀ ਨਹੀਂ ਹੈ । ਉਂਝ ਉਨ੍ਹਾਂ ਦੇ ਵਿਦੇਸ਼ੀ ਦੌਰੇ ਬਾਰੇ ਪੁਸ਼ਟੀ ਉਨ੍ਹਾਂ ਦੇ ਸਕੇ ਭਰਾ ਚਮਕੌਰ ਸਿੰਘ ਸਿੱਧੂ ਵੱਲੋਂ ਕੀਤੀ ਗਈ ਹੈ, ਜੋ ਪੰਜਾਬੀ ਗਾਇਕ ਦੇ ਤਾਇਆ ਹਨ। ਉਨ੍ਹਾਂ ਕਿਹਾ ਕਿ ਦੋਵੇਂ ਛੇਤੀ ਵਾਪਸ ਆਉਣਗੇ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੁੱਝ ਦਿਨ ਪਹਿਲਾਂ ਦੱਸਿਆ ਸੀ ਕਿ ਪੰਜਾਬੀ ਗਾਇਕ ਦੇ ਵਿਦੇਸ਼ ਵਿਚਲੇ ਕਾਰੋਬਾਰ ਨੂੰ ਵੇਖਣ ਲਈ ਉਨ੍ਹਾਂ ਨੂੰ ਵਿਦੇਸ਼ ਯਾਤਰਾ ਕਰਨੀ ਪੈ ਸਕਦੀ ਹੈ।