ਕੈਨੇਡਾ ਦੇ ਬਰੈਂਪਟਨ ਸ਼ਹਿਰ ''ਚ 90 ਏਕੜ ''ਚ ਹਿੰਦੂ ''ਗੀਤਾ ਪਾਰਕ'' ਸਥਾਪਤ ਕੀਤਾ ਜਾਵੇਗਾ

ਕੈਨੇਡਾ ਦੇ ਬਰੈਂਪਟਨ ਸ਼ਹਿਰ ''ਚ 90 ਏਕੜ ''ਚ ਹਿੰਦੂ ''ਗੀਤਾ ਪਾਰਕ'' ਸਥਾਪਤ ਕੀਤਾ ਜਾਵੇਗਾ

ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਬਣਨ ਵਾਲੇ ਇਕ ਮਿਲੀਅਨ ਡਾਲਰ ਦੇ ਪਾਰਕ ਦਾ ਨਾਂ ਹਿੰਦੂ ਧਰਮ ਦੇ ਪਵਿੱਤਰ ਗ੍ਰੰਥ ਗੀਤਾ ਦੇ ਨਾਂ ’ਤੇ ਰੱਖਿਆ ਜਾਵੇਗਾ। ਕੈਨੇਡਾ ’ਚ ਸਿੱਖਾਂ ਤੋਂ ਬਾਅਦ ਹਿੰਦੂਆਂ ਦਾ ਦੂਜਾ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ ਹੈ, ਜਿੱਥੇ ਇਕ ਵੱਡੀ ਗਿਣਤੀ ’ਚ ਗੁਜਰਾਤੀ ਭਾਈਚਾਰੇ ਦੇ ਲੋਕ ਵੀ ਵੱਸੇ ਹੋਏ ਹਨ। ਬਰੈਂਪਟਨ ਸਿਟੀ ਮਿਊਂਸੀਪਲ ਕਾਰਪੋਰੇਸ਼ਨ ਨੇ ਇਸ ਮੰਤਵ ਲਈ 90 ਏਕੜ ਜੰਗਲਾਤ ਵਿਭਾਗ ਦੀ ਜ਼ਮੀਨ ਅਲਾਟ ਕੀਤੀ ਹੈ, ਜਿਸ ਨੂੰ ਖੂਬਸੂਰਤੀ ਨਾਲ ਲੈਂਡਸਕੇਪ ਕੀਤਾ ਜਾਵੇਗਾ ਅਤੇ ਇਸ ’ਚ ਕੁਝ ਹੋਰ ਹਿੰਦੂ ਦੇਵਤਿਆਂ ਤੋਂ ਇਲਾਵਾ ਗੀਤਾ ਦੇ ਦੋ ਮੁੱਖ ਪਾਤਰਾਂ ਭਗਵਾਨ ਕ੍ਰਿਸ਼ਨ ਅਤੇ ਅਰਜੁਨ ਦੀਆਂ ਮੂਰਤੀਆਂ ਹੋਣਗੀਆਂ।

ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਦਾ ਕਹਿਣਾ ਹੈ ਕਿ ਧਰਮ ਨਿਰਪੱਖਤਾ ਦੇ ਮੂਲ ਸਿਧਾਂਤ ਨੂੰ ਸਭ ਤੋਂ ਉੱਪਰ ਰੱਖਦੇ ਹੋਏ ਸਿਟੀ ਕੌਂਸਲ ਗੁਰੂ ਨਾਨਕ ਰੋਡ ਅਤੇ ਮਸਜਿਦ ਡ੍ਰਾਈਵ ਦਾ ਨਾਂ ਰੱਖ ਕੇ ਹੁਣ ਗੀਤਾ ਪਾਰਕ ਦੀ ਸਥਾਪਨਾ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਮਹਾਨਗਰ ਦੇ ਨਾਗਰਿਕਾਂ ਵੱਲੋਂ ਪਾਲਣ ਕੀਤੇ ਜਾਂਦੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਮੇਅਰ ਨੇ ਖੁਲਾਸਾ ਕੀਤਾ ਕਿ ਪਾਰਕ ਵਿਚ ‘ਗਰਬਾ’ ਸਮਾਰੋਹ, ਇਕ ਬਾਸਕਟਬਾਲ ਕੋਰਟ, ਇਕ ਕ੍ਰਿਕਟ ਗਰਾਊਂਡ ਅਤੇ ਯੋਗਾ ਕਰਨ ਲਈ ਜਗ੍ਹਾ ਦੀ ਸਹੂਲਤ ਹੋਵੇਗੀ। ਇਹ ਸਾਰੇ ਖੇਤਰਾਂ ਦੇ ਲੋਕਾਂ ਲਈ ਇਕ ਅਸਲ ਮੁਲਾਕਾਤ ਵਾਲਾ ਸਥਾਨ ਹੋਵੇਗਾ।
90 ਏਕੜ ’ਚ ਫੈਲਿਆ ਗੀਤਾ ਪਾਰਕ ਭਾਰਤ ਤੋਂ ਬਾਹਰ ਦੁਨੀਆ ਦਾ ਸਭ ਤੋਂ ਵੱਡਾ ਪਾਰਕ ਹੋਵੇਗਾ, ਜਿੱਥੇ ਹਿੰਦੂ ਸੱਭਿਆਚਾਰ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਬੈਂਪਟਨ ’ਚ ਰਹਿਣ ਵਾਲੇ ਹਿੰਦੂ ਭਾਈਚਾਰੇ ਨੇ ਸਿਟੀ ਕੌਂਸਲ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਨਾਲ ਗੋਰਿਆਂ ਸਮੇਤ ਸਾਰੇ ਧਰਮਾਂ ਅਤੇ ਜਾਤਾਂ ਵਿਚਾਲੇ ਬਿਹਤਰ ਸਬੰਧ ਬਣਾਉਣ ’ਚ ਮਦਦ ਮਿਲੇਗੀ, ਜੋ ਪਾਰਕ ਦੀ ਵਰਤੋਂ ਕਰਨ ਲਈ ਸੁਤੰਤਰ ਹੋਣਗੇ। ਸਥਾਨਕ ਓਮਨੀ ਟੀ. ਵੀ. ਨਾਲ ਗੱਲਬਾਤ ਕਰਦਿਆਂ ਇਕ ਉੱਘੇ ਹਿੰਦੂ ਕਾਰਕੁਨ ਡੌਨ ਪਟੇਲ ਨੇ ਕਿਹਾ ਕਿ ਗੀਤਾ ਸ਼ਾਂਤੀ ਅਤੇ ਪਿਆਰ ਦਾ ਸੰਦੇਸ਼ ਫੈਲਾਉਂਦੀ ਹੈ। ਇਹ ਪਾਰਕ ਨੌਜਵਾਨਾਂ ’ਚ ਗੀਤਾ ਪੜ੍ਹਨ ਅਤੇ ਇਹ ਜਾਨਣ ਦੀ ਉਤਸੁਕਤਾ ਪੈਦਾ ਕਰੇਗਾ ਕਿ ਗੀਤਾ ਕੀ ਉਪਦੇਸ਼ ਦਿੰਦੀ ਹੈ।