- Updated: April 10, 2026 06:49 PM
ਲੁਧਿਆਣਾ ਜ਼ਿਲ੍ਹੇ ਜਗਰਾਉਂ ਸ਼ਹਿਰ ਅੰਦਰ ਅੱਜ ਉਸ ਵੇਲੇ ਸੋਗ ਛਾ ਗਿਆ ਜਦੋਂ ਸ਼ਹਿਰ ਤੋਂ ਮਥੁਰਾ ਦੇ ਵਰਿੰਦਾਵਨ ਲਈ ਗਏ ਸ਼ਰਧਾਲੂਆਂ ਨਾਲ ਕਿਸ਼ਤੀ ਪਲਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਖ਼ਬਰ ਲਿਖੇ ਜਾਣ ਤੱਕ 10 ਵਿਅਕਤੀਆਂ ਦੀ ਮੌਤ ਹੋ ਜਾਣ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ ਜਦਕਿ ਸਟੀਮਰ ਵਿਚ ਲਗਭਗ 25 ਸ਼ਰਧਾਲੂ ਸਵਾਰ ਦੱਸੇ ਜਾ ਰਹੇ ਸਨ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਗਰਾਉਂ ਤੋਂ ਦੋ ਬੱਸਾਂ ਰਾਹੀਂ ਵੱਡੀ ਗਿਣਤੀ ਸ਼ਰਧਾਲੂ ਯਮੁਨਾ ਜੀ ਤੇ ਵਰਿੰਦਾਵਨ ਦੇ ਚਾਰ ਰੋਜ਼ਾ ਧਾਰਮਿਕ ਯਾਤਰਾ ਲਈ ਰਵਾਨਾ ਹੋਏ ਸਨ। ਅੱਜ ਸਵੇਰੇ ਵਰਿੰਦਾਵਨ ਪਹੁੰਚਣ ਤੋਂ ਬਾਅਦ ਸ਼੍ਰੀ ਬਾਂਕੇ ਬਿਹਾਰੀ ਜੀ ਦੇ ਦਰਸ਼ਨਾਂ ਉਪਰੰਤ ਸ਼ਰਧਾਲੂ ਯਮੁਨਾ ਜੀ ਪਾਰ ਪਵਿੱਤਰ ਮੰਦਰਾਂ ਦੇ ਦਰਸ਼ਨਾਂ ਲਈ ਜਾ ਰਹੇ ਸਨ ਕਿ ਅਚਾਨਕ ਹਾਦਸਾ ਵਾਪਰ ਗਿਆ । ਸਟੀਮਰ ਵਿਚ ਜਗਰਾਉਂ ਦੇ ਲਗਭਗ 25 ਸ਼ਰਧਾਲੂ ਸਵਾਰ ਸਨ। ਕਿਸ਼ਤੀ ਦੇ ਰਵਾਨਾ ਹੋਣ ਤੋਂ ਕੁਝ ਸਮੇਂ ਬਾਅਦ ਕਿਸ਼ਤੀ ਦਾ ਸੰਤੁਲਨ ਵਿਗੜਨ ਕਾਰਨ ਪਲਟ ਗਈ। ਘਟਨਾ ਤੋਂ ਬਾਅਦ ਉੱਥੋਂ ਦੇ ਪ੍ਰਸ਼ਾਸਨ ਵਲੋਂ ਗੁਆਚੇ ਲੋਕਾਂ ਨੂੰ ਲੱਭਣ ਲਈ 100 ਗੋਤਾਖੋਰ ਸਰਗਰਮ ਕੀਤੇ ਹੋਏ ਹਨ, ਜੋ ਸ਼ਰਧਾਲੂਆਂ ਨੂੰ ਬਚਾਉਣ ਵਿਚ ਜੁਟ ਗਏ ਹਨ। ਇਹ ਵੀ ਪਤਾ ਲੱਗਿਆ ਹੈ ਕਿ ਕਈ ਸ਼ਰਧਾਲੂਆਂ ਨੂੰ ਯਮੁਨਾ ਜੀ ਵਿਚੋਂ ਬਾਹਰ ਵੀ ਕੱਢ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾਗ੍ਰਸਤ ਲੋਕ ਬੇਹੋਸ਼ੀ ਦੀ ਹਾਲਤ ਵਿਚ ਹਨ। ਇਸ ਹਾਦਸੇ ਨੂੰ ਲੈ ਕੇ ਜਗਰਾਉਂ ਵਿਚ ਸ਼ਰਧਾਲੂਆਂ ਦੇ ਪਰਿਵਾਰਾਂ ਤੋਂ ਇਲਾਵਾ ਇਲਾਕੇ ਵਿਚ ਫਿਕਰਮੰਦੀ ਦਾ ਆਲਮ ਹੈ।
ਇਸ ਹਾਦਸੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਹਾਦਸੇ ਦੌਰਾਨ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਅਤੇ ਜ਼ਖ਼ਮੀਆਂ ਦੇ ਜਲਦ ਤੰਦਰੁਸਤ ਹੋਣ ਦੀ ਕਾਮਨਾ ਕੀਤੀ।