- Updated: March 06, 2026 09:59 PM
ਪੱਛਮੀ ਏਸ਼ੀਆ 'ਚ ਇਰਾਨ ਤੇ ਇਜ਼ਰਾਈਲ ਵਿਚਾਲੇ ਵਧ ਰਹੇ ਫੌਜੀ ਤਣਾਅ ਦਾ ਅਸਰ ਹੁਣ ਭਾਰਤ ਦੇ ਉਦਯੋਗਿਕ ਖੇਤਰਾਂ 'ਤੇ ਪੈਣਾ ਸ਼ੁਰੂ ਹੋ ਗਿਆ ਹੈ। ਗੁਜਰਾਤ ਦੇ ਮੋਰਬੀ, ਜੋ ਕਿ ਟਾਈਲਾਂ ਅਤੇ ਸਿਰੈਮਿਕ ਉਤਪਾਦਨ ਦਾ ਵਿਸ਼ਵ ਪੱਧਰੀ ਕੇਂਦਰ ਮੰਨਿਆ ਜਾਂਦਾ ਹੈ, ਵਿੱਚ ਬਾਲਣ (ਈਂਧਨ) ਦੀ ਕਮੀ ਕਾਰਨ ਉਦਯੋਗ ਨੂੰ ਵੱਡਾ ਝਟਕਾ ਲੱਗਾ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਕਰੀਬ 100 ਫੈਕਟਰੀਆਂ ਨੇ ਆਪਣਾ ਉਤਪਾਦਨ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ।
ਪ੍ਰੋਪੇਨ ਗੈਸ ਦੀ ਸਪਲਾਈ 'ਚ ਵਿਘਨ
ਮੋਰਬੀ ਸਿਰੈਮਿਕ ਮੈਨੂਫੈਕਚਰਰਜ਼ ਐਸੋਸੀਏਸ਼ਨ ਅਨੁਸਾਰ, ਜੰਗ ਵਰਗੇ ਹਾਲਾਤਾਂ ਕਾਰਨ ਪਿਛਲੇ ਕੁਝ ਦਿਨਾਂ ਤੋਂ ਪ੍ਰੋਪੇਨ ਗੈਸ ਦੀ ਸਪਲਾਈ ਵਿੱਚ ਵਿਘਨ ਪਿਆ ਹੈ। ਕਿਉਂਕਿ ਬਹੁਤ ਸਾਰੀਆਂ ਫੈਕਟਰੀਆਂ ਪੂਰੀ ਤਰ੍ਹਾਂ ਗੈਸ 'ਤੇ ਨਿਰਭਰ ਹਨ, ਸਪਲਾਈ ਰੁਕਦੇ ਹੀ ਉਥੇ ਕੰਮ ਠੱਪ ਹੋ ਗਿਆ ਹੈ। ਵਰਤਮਾਨ 'ਚ ਗੈਸ ਦੀ ਉਪਲਬਧਤਾ ਲਗਭਗ ਅੱਧੀ ਰਹਿ ਗਈ ਹੈ, ਜਿਸ ਕਾਰਨ ਜੇਕਰ ਸਥਿਤੀ ਜਲਦੀ ਆਮ ਵਾਂਗ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ 400 ਹੋਰ ਫੈਕਟਰੀਆਂ ਵੀ ਬੰਦ ਹੋ ਸਕਦੀਆਂ ਹਨ।
ਨਿਰਯਾਤ ਤੇ ਰੁਜ਼ਗਾਰ 'ਤੇ ਪਿਆ ਅਸਰ
ਈਂਧਨ ਦੇ ਇਸ ਸੰਕਟ ਕਾਰਨ ਨਿਰਯਾਤ (Export) ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਤਿਆਰ ਮਾਲ ਗੋਦਾਮਾਂ ਵਿੱਚ ਜਮ੍ਹਾਂ ਹੋ ਰਿਹਾ ਹੈ ਅਤੇ ਕਈ ਸ਼ਿਪਮੈਂਟਾਂ ਰੁਕ ਗਈਆਂ ਹਨ। ਇਸ ਤੋਂ ਇਲਾਵਾ, ਉਤਪਾਦਨ ਬੰਦ ਹੋਣ ਕਾਰਨ ਹਜ਼ਾਰਾਂ ਮਜ਼ਦੂਰਾਂ ਦੀ ਰੋਜ਼ੀ-ਰੋਟੀ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਉਦਯੋਗਿਕ ਜਥੇਬੰਦੀਆਂ ਨੇ ਇਸ ਮਾਮਲੇ ਵਿੱਚ ਰਾਜ ਸਰਕਾਰ ਤੋਂ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ।
ਮਾਹਿਰਾਂ ਦੀ ਚਿੰਤਾ
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਪੱਛਮੀ ਏਸ਼ੀਆ ਵਿੱਚ ਇਹ ਸੰਘਰਸ਼ ਲੰਬਾ ਖਿੱਚਿਆ ਜਾਂਦਾ ਹੈ ਅਤੇ 'ਸਟਰੇਟ ਆਫ ਹੋਰਮੁਜ਼' (Strait of Hormuz) ਰਾਹੀਂ ਗੈਸ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ, ਤਾਂ ਮੋਰਬੀ ਦਾ ਸਿਰੈਮਿਕ ਉਦਯੋਗ ਗੰਭੀਰ ਸੰਕਟ ਵਿੱਚ ਫਸ ਸਕਦਾ ਹੈ। ਇਸ ਦਾ ਅਸਰ ਨਾ ਸਿਰਫ ਸਥਾਨਕ ਪੱਧਰ 'ਤੇ, ਸਗੋਂ ਦੇਸ਼ ਦੇ ਕੁੱਲ ਨਿਰਯਾਤ ਅਤੇ ਰੁਜ਼ਗਾਰ ਦੇ ਅੰਕੜਿਆਂ 'ਤੇ ਵੀ ਦੇਖਣ ਨੂੰ ਮਿਲੇਗਾ।