3,90,000 ਰੁਪਏ ਦੀ ਡਰੱਗ ਮਨੀ ਅਤੇ ਕਰੋੜਾਂ ਰੁਪਏ ਦੀ ਹੈਰੋਇਨ ਸਣੇ 2 ਗ੍ਰਿਫ਼ਤਾਰ

3,90,000 ਰੁਪਏ ਦੀ ਡਰੱਗ ਮਨੀ ਅਤੇ ਕਰੋੜਾਂ ਰੁਪਏ ਦੀ ਹੈਰੋਇਨ ਸਣੇ 2 ਗ੍ਰਿਫ਼ਤਾਰ

ਐਂਟੀ-ਨਾਰਕੋਟਿਕਸ ਸੈੱਲ ਦੀ ਪੁਲਸ ਨੇ ਦੋ ਨੌਜਵਾਨਾਂ ਨੂੰ ਇਕ ਕਿੱਲੋ 5 ਗ੍ਰਾਮ ਹੈਰੋਇਨ ਅਤੇ 3,90,000 ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਸ ਕਪਤਾਨ ਨੇ ਦੱਸਿਆ ਕਿ ਐਂਟੀ-ਨਾਰਕੋਟਿਕਸ ਸੈੱਲ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਬਲਵੀਰ ਸਿੰਘ ਪੁਲਸ ਟੀਮ ਦੇ ਨਾਲ ਪਿੰਡ ਪੰਨੀਵਾਲਾ ਮਾਹਲਾ ਕੱਚੀ ਸੜਕ ਦੇ ਨੇੜੇ ਮੌਜੂਦ ਸਨ ਕਿ ਸਾਹਮਣੇ ਤੋਂ ਦੋ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ। ਇਨ੍ਹਾਂ ਵਿਚੋਂ ਇਕ ਕੋਲ ਕਾਲੇ ਰੰਗ ਦਾ ਬੈਗ ਸੀ। ਪੁਲਸ ਵੱਲੋਂ ਨੌਜਵਾਨਾਂ ਦੀ ਤਲਾਸ਼ੀ ਲੈਣ ’ਤੇ ਪੁਲਸ ਨੇ ਬੈਗ ’ਚੋਂ ਇਕ ਕਿੱਲੋ 5 ਗ੍ਰਾਮ ਹੈਰੋਇਨ ਅਤੇ 3 ਲੱਖ 90,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।

ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਪਛਾਣ ਯੁਵਰਾਜ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਅੰਤਰਯਾਮੀ ਕਾਲੋਨੀ ਰਾਂਝੇ ਕੀ ਹਵੇਲੀ ਅੰਮ੍ਰਿਤਸਰ ਅਤੇ ਜਗਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਝੀਤੇ ਕਲਾਂ ਨੇੜੇ ਗੋਲਡਨ ਗੇਟ ਅੰਮ੍ਰਿਤਸਰ ਵਜੋਂ ਹੋਈ ਹੈ। ਖੁਈਆਂ ਸਰਵਰ ਪੁਲਸ ਸਟੇਸ਼ਨ ਨੇ ਦੋਹਾਂ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜ਼ਿਲ੍ਹਾ ਪੁਲਸ ਕਪਤਾਨ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਜਗਜੀਤ ਸਿੰਘ ਨੇ ਸੂਰਤਗੜ੍ਹ-ਬੀਕਾਨੇਰ ਸੜਕ ’ਤੇ ਇਕ ਢਾਬਾ ਬਣਾਇਆ ਹੋਇਆ ਹੈ, ਜਿੱਥੇ ਇਸ ਦੇ ਵੱਲੋਂ ਭੁੱਕੀ ਦੀ ਸਮੱਗਲਿੰਗ ਕਰਨ ’ਤੇ ਉਸ ਖ਼ਿਲਾਫ਼ ਸੂਰਤਗੜ੍ਹ ਪੁਲਸ ਸਟੇਸ਼ਨ ’ਚ ਮੁਕੱਦਮਾ ਦਰਜ ਕੀਤਾ ਗਿਆ ਸੀ।