ਫਿਰੋਜ਼ਪੁਰ ’ਚ ਹੈਰੋਇਨ ਸਮੇਤ 3 ਮੁਲਜ਼ਮ ਗ੍ਰਿਫ਼ਤਾਰ

ਫਿਰੋਜ਼ਪੁਰ ’ਚ ਹੈਰੋਇਨ ਸਮੇਤ 3 ਮੁਲਜ਼ਮ ਗ੍ਰਿਫ਼ਤਾਰ

ਜ਼ਿਲ੍ਹਾ ਫਿਰੋਜ਼ਪੁਰ 'ਚ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਂਦਿਆਂ ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਇੱਕ ਔਰਤ ਸਮੇਤ 3 ਮੁਲਜ਼ਮਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਿਟੀ ਫਿਰੋਜ਼ਪੁਰ ਦੀ ਏ. ਐੱਸ. ਆਈ. ਗੁਰਕੰਵਲਜੀਤ ਕੌਰ ਨੇ ਦੱਸਿਆ ਕਿ ਗਸ਼ਤ ਦੌਰਾਨ ਗੁਪਤ ਸੂਚਨਾ ਮਿਲੀ ਸੀ ਕਿ ਕੋਮਲ ਉਰਫ਼ ਸਪਨਾ ਪਤਨੀ ਸੁਨੀਲ ਨਾਂ ਦੀ ਔਰਤ ਹੈਰੋਇਨ ਵੇਚਣ ਦੀ ਆਦੀ ਹੈ ਅਤੇ ਇਸ ਸਮੇਂ ਟੀ.ਬੀ. ਹਸਪਤਾਲ ਫਿਰੋਜ਼ਪੁਰ ਦੇ ਪਿੱਛੇ ਗਾਹਕਾਂ ਦਾ ਇੰਤਜ਼ਾਰ ਕਰ ਰਹੀ ਹੈ। ਪੁਲਸ ਪਾਰਟੀ ਨੇ ਤੁਰੰਤ ਛਾਪਾ ਮਾਰ ਕੇ ਨਾਮਜ਼ਦ ਔਰਤ ਨੂੰ ਕਾਬੂ ਕੀਤਾ, ਜਿਸਦੀ ਤਲਾਸ਼ੀ ਲੈਣ ''ਤੇ 3.10 ਗ੍ਰਾਮ ਹੈਰੋਇਨ ਬਰਾਮਦ ਹੋਈ।

ਇਸੇ ਤਰ੍ਹਾਂ ਥਾਣਾ ਸਦਰ ਫਿਰੋਜ਼ਪੁਰ ਦੇ ਏ. ਐੱਸ. ਆਈ. ਬਲਦੇਵ ਰਾਜ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਸ ਪਾਰਟੀ ਨੇ ਟੀ ਪੁਆਇੰਟ ਕੋਠੀ ਰਾਏ ਸਾਹਿਬ ਨੇੜੇ ਖਾਈ ਫੇਮੇ ਕੀ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਸ਼ੱਕ ਦੇ ਆਧਾਰ 'ਤੇ ਮੋਗਾ ਜ਼ਿਲ੍ਹੇ ਦੇ ਵਸਨੀਕ ਵਤਨਜੀਤ ਨੂੰ ਕਾਬੂ ਕੀਤਾ, ਜਿਸ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਦੂਜੇ ਪਾਸੇ ਥਾਣਾ ਤਲਵੰਡੀ ਭਾਈ ਦੇ ਏ. ਐੱਸ. ਆਈ. ਸੁਦੇਸ਼ ਕੁਮਾਰ ਨੇ ਦੱਸਿਆ ਕਿ ਗਸ਼ਤ ਦੌਰਾਨ ਗੁਪਤ ਸੂਚਨਾ ਮਿਲੀ ਸੀ ਕਿ ਗੁਰਪਿਆਰ ਪੁੱਤਰ ਹਰਜਿੰਦਰ ਹੈਰੋਇਨ ਵੇਚਣ ਦਾ ਆਦੀ ਹੈ ਅਤੇ ਇਸ ਸਮੇਂ ਦਾਣਾ ਮੰਡੀ ਤਲਵੰਡੀ ਭਾਈ ਵਿੱਚ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ। ਪੁਲਸ ਨੇ ਛਾਪਾ ਮਾਰ ਕੇ ਉਸਨੂੰ ਕਾਬੂ ਕੀਤਾ, ਜਿਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਹੈਰੋਇਨ ਸਮੇਤ ਫੜ੍ਹੇ ਗਏ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਫਿਰੋਜ਼ਪੁਰ, ਥਾਣਾ ਸਦਰ ਫਿਰੋਜ਼ਪੁਰ ਅਤੇ ਥਾਣਾ ਤਲਵੰਡੀ ਭਾਈ ਵਿੱਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲੇ ਦਰਜ ਕਰਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।