ਚੀਨੀ ਜਹਾਜ਼ ਦੇ ਨਾਲ ਹਿੰਦ ਮਹਾਸਾਗਰ ''ਚ ਡੁੱਬੇ 39 ਲੋਕ, P8I ਜਹਾਜ਼ ਭਾਰਤੀ ਨੇਵੀ ਨੇ ਮਦਦ ਲਈ ਭੇਜਿਆ। 

ਚੀਨੀ ਜਹਾਜ਼ ਦੇ ਨਾਲ ਹਿੰਦ ਮਹਾਸਾਗਰ ''ਚ ਡੁੱਬੇ 39 ਲੋਕ, P8I ਜਹਾਜ਼ ਭਾਰਤੀ ਨੇਵੀ ਨੇ ਮਦਦ ਲਈ ਭੇਜਿਆ। 

ਭਾਰਤੀ ਜਲ ਸੈਨਾ ਨੇ ਹਿੰਦ ਮਹਾਸਾਗਰ 'ਚ ਚਾਲਕ ਦਲ ਦੇ 38 ਮੈਂਬਰਾਂ ਨਾਲ ਡੁੱਬੇ ਚੀਨੀ ਜਹਾਜ਼ ਦੀ ਖੋਜ ਅਤੇ ਬਚਾਅ 'ਚ ਮਦਦ ਲਈ ਆਪਣੇ ਇਕ ਪੀ-8I ਸਮੁੰਦਰੀ ਗਸ਼ਤੀ ਜਹਾਜ਼ ਨੂੰ ਤਾਇਨਾਤ ਕੀਤਾ ਹੈ। ਜਲ ਸੈਨਾ ਨੇ ਕਿਹਾ ਕਿ ਬੁੱਧਵਾਰ ਨੂੰ ਖਰਾਬ ਮੌਸਮ ਦੇ ਬਾਵਜੂਦ ਪੀ-8I ਜਹਾਜ਼ ਨੇ ਗਹਿਰਾਈ ਨਾਲ ਤਲਾਸ਼ੀ ਮੁਹਿੰਮ ਚਲਾਈ ਅਤੇ ਕਈ ਵਸਤੂਆਂ ਦਾ ਪਤਾ ਲਗਾਇਆ, ਜੋ ਡੁੱਬੇ ਜਹਾਜ਼ ਨਾਲ ਸਬੰਧਤ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ 17 ਮਈ ਨੂੰ ਮੱਛੀਆਂ ਫੜਨ ਵਾਲੇ ਚੀਨੀ ਜਹਾਜ਼ ਲੂ ਪੇਂਗ ਯੁਆਨ 028 ਦੇ ਡੁੱਬਣ ਦੀ ਖ਼ਬਰ ਮਿਲਣ ਤੋਂ ਤੁਰੰਤ ਬਾਅਦ ਭਾਰਤੀ ਜਲ ਸੈਨਾ ਨੇ ਤੁਰੰਤ ਜਵਾਬੀ ਕਾਰਵਾਈ ਕਰਦਿਆਂ ਲਗਭਗ 900 ਨੌਟੀਕਲ ਮੀਲ ਦੂਰ ਦੱਖਣੀ ਹਿੰਦ ਮਹਾਸਾਗਰ ਖੇਤਰ ਵਿੱਚ ਆਪਣੇ ਖੋਜੀ ਜਹਾਜ਼ ਨੂੰ ਤਾਇਨਾਤ ਕੀਤਾ ਸੀ। ਡੁੱਬੇ ਚੀਨੀ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਵਿੱਚ ਚੀਨ, ਇੰਡੋਨੇਸ਼ੀਆ ਅਤੇ ਫਿਲੀਪੀਨਜ਼ ਦੇ ਨਾਗਰਿਕ ਸ਼ਾਮਲ ਹਨ।

               Image

ਭਾਰਤੀ ਜਲ ਸੈਨਾ ਨੇ ਕਿਹਾ, "ਸਮੁੰਦਰ 'ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕ ਭਰੋਸੇਮੰਦ ਅਤੇ ਜ਼ਿੰਮੇਵਾਰ ਹਿੱਸੇਦਾਰ ਵਜੋਂ ਭਾਰਤ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਭਾਰਤੀ ਜਲ ਸੈਨਾ ਦੀਆਂ ਇਕਾਈਆਂ ਨੇ ਖੇਤਰ ਦੀਆਂ ਹੋਰ ਇਕਾਈਆਂ ਦੇ ਨਾਲ ਖੋਜ ਅਤੇ ਬਚਾਅ ਕਾਰਜਾਂ ਦਾ ਤਾਲਮੇਲ ਕੀਤਾ ਤੇ ਘਟਨਾ ਵਾਲੀ ਥਾਂ 'ਤੇ ਪੀਐੱਲਏ ਸੈਨਾ ਦੇ ਜੰਗੀ ਜਹਾਜ਼ਾਂ ਦਾ ਮਾਰਗਦਰਸ਼ਨ ਕੀਤਾ। ਚੀਨ ਨੇ ਵੀਰਵਾਰ ਨੂੰ ਕਿਹਾ ਕਿ ਆਸਟ੍ਰੇਲੀਆ, ਭਾਰਤ, ਸ਼੍ਰੀਲੰਕਾ, ਇੰਡੋਨੇਸ਼ੀਆ, ਮਾਲਦੀਵ ਅਤੇ ਫਿਲੀਪੀਨਜ਼ ਹਿੰਦ ਮਹਾਸਾਗਰ ਵਿੱਚ ਉਸ ਦੀ ਇਕ ਕਿਸ਼ਤੀ ਦੇ ਡੁੱਬਣ ਤੋਂ ਬਾਅਦ ਲਾਪਤਾ ਹੋਏ 39 ਲੋਕਾਂ ਦੀ ਭਾਲ ਵਿੱਚ ਮਦਦ ਕਰ ਰਹੇ ਹਨ। ਆਸਟ੍ਰੇਲੀਅਨ ਮੈਰੀਟਾਈਮ ਸੇਫਟੀ ਅਥਾਰਟੀ (AMSA) ਦੇ ਬੁਲਾਰੇ ਨੇ ਵੀਰਵਾਰ ਨੂੰ ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੂੰ ਦੱਸਿਆ ਕਿ ਸਮੁੰਦਰੀ ਖੋਜ ਦੇ ਸਿਧਾਂਤ ਦੇ ਆਧਾਰ 'ਤੇ ਲਗਭਗ 12,000 ਵਰਗ ਕਿਲੋਮੀਟਰ ਦੇ ਖੇਤਰ 'ਚ ਖੋਜ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।

ਡੂੰਘੇ ਸਮੁੰਦਰ 'ਚ ਮੱਛੀਆਂ ਫੜਨ ਵਾਲਾ ਚੀਨੀ ਬੇੜਾ 'ਲੂ ਪੇਂਗ ਯੂਆਨ ਯੂ ਨੰਬਰ 028' ਮੰਗਲਵਾਰ ਨੂੰ ਹਿੰਦ ਮਹਾਸਾਗਰ ਦੇ ਮੱਧ ਹਿੱਸੇ 'ਚ ਡੁੱਬ ਗਿਆ। ਇਸ ਦੇ ਨਾਲ ਹੀ ਜਹਾਜ਼ 'ਚ ਚਾਲਕ ਦਲ 'ਚ ਸ਼ਾਮਲ 17 ਚੀਨੀ, 17 ਇੰਡੋਨੇਸ਼ੀਆਈ ਅਤੇ 5 ਫਿਲੀਪੀਨੀ ਲੋਕ ਵੀ ਲਾਪਤਾ ਹੋ ਗਏ। ਚਾਲਕ ਦਲ ਦੇ ਕਿਸੇ ਵੀ ਮੈਂਬਰ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਵੀਰਵਾਰ ਨੂੰ ਇੱਥੇ ਮੀਡੀਆ ਨੂੰ ਦੱਸਿਆ, ''ਖੋਜ ਅਤੇ ਬਚਾਅ ਮੁਹਿੰਮ ਜਾਰੀ ਹੈ।"