ਸਾਂਝੇ ਆਪ੍ਰੇਸ਼ਨ ਤਹਿਤ BSF ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 4 ਨਸ਼ਾ ਤਸਕਰ ਕਾਬੂ

ਸਾਂਝੇ ਆਪ੍ਰੇਸ਼ਨ ਤਹਿਤ BSF ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 4 ਨਸ਼ਾ ਤਸਕਰ ਕਾਬੂ

BSF ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਤਹਿਤ 4 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਫੜੇ ਗਏ ਸਮੱਗਲਰਾਂ ਦੇ ਸਿੱਧੇ ਪਾਕਿਸਤਾਨ ਦੇ ਤਸਕਰਾਂ ਨਾਲ ਲਿੰਕ ਸਨ। ਆਰੋਪੀ ਬਾਈਕ ’ਤੇ 39 ਕਰੋੜ ਰੁਪਏ ਦੀ ਹੈਰੋਇਨ ਸਪਲਾਈ ਕਰਨ ਜਾ ਰਹੇ ਸਨ।

ਡੀ.ਆਈ.ਜੀ ਬਾਰਡਰ ਰੇਂਜ ਸਤਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸੀਨੀਅਰ ਪੁਲਿਸ ਕਪਤਾਨ ਹਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਦਿਹਾਤੀ ਐਸ.ਪੀ.(ਡੀ) ਦੀ ਨਿਗਰਾਨੀ ਹੇਠ ਡੀ.ਐਸ.ਪੀ ਅਜਨਾਲਾ ਨੂੰ ਗੁਪਤ ਸੂਚਨਾ ਮਿਲੀ ਕਿ ਕੁਲਦੀਪ ਸਿੰਘ ਪੁੱਤਰ ਹਰਵੰਤ ਸਿੰਘ, ਕ੍ਰਿਪਾਲ ਸਿੰਘ ਅਮਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਤੇੜਾ ਰਾਜਪੂਤਾ, ਜਤਿੰਦਰ ਸਿੰਘ ਪੁੱਤਰ ਰਾਜਵੀਰ ਸਿੰਘ ਵਾਸੀ ਮੁਹਾਰ ਥਾਣਾ ਅਜਨਾਲਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਰਤਨ ਸਿੰਘ ਵਾਸੀ ਮੰਡੀਆਂਵਾਲਾ ਥਾਣਾ ਲੋਪੋਕੇ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ ਅਤੇ ਇਹ ਸਾਰੇ ਮਿਲ ਕੇ ਪਾਕਿਸਤਾਨ ਤੋਂ ਹੈਰੋਇਨ ਖਰੀਦ ਕੇ ਸਪਲਾਈ ਕਰਦੇ ਸਨ। 

ਇਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਅਜਨਾਲਾ ਪੁਲਿਸ ਅਤੇ ਬੀ.ਐਸ.ਐਫ ਦੀ ਟੀਮ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ ਆਰੋਪੀ ਤਸਕਰ ਕੁਲਦੀਪ ਸਿੰਘ, ਕਿਰਪਾਲ ਸਿੰਘ, ਜਤਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ 05 ਕਿਲੋ 544 ਗ੍ਰਾਮ ਹੈਰੋਇਨ ਅਤੇ ਇੱਕ ਸੀਟੀ 100 ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ।

ਐਸਐਸਪੀ ਦਿਹਾਤੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਕੁਲਦੀਪ ਸਿੰਘ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਪਹਿਲਾਂ ਹੀ ਕੇਸ ਦਰਜ ਕੀਤਾ ਗਿਆ ਹੈ।