ਰਾਹ ਜਾਂਦੀ ਮਹਿਲਾ ਤੋਂ ਬਾਈਕ ਸਵਾਰਾਂ ਨੇ ਖੋਹਿਆ ਨਕਦੀ ਨਾਲ ਭਰਿਆ ਬੈਗ, ਵਾਰਦਾਤ CCTV ਵਿੱਚ ਕੈਦ

ਰਾਹ ਜਾਂਦੀ ਮਹਿਲਾ ਤੋਂ ਬਾਈਕ ਸਵਾਰਾਂ ਨੇ ਖੋਹਿਆ ਨਕਦੀ ਨਾਲ ਭਰਿਆ ਬੈਗ, ਵਾਰਦਾਤ CCTV ਵਿੱਚ ਕੈਦ

ਮਾਨਸਾ ਜ਼ਿਲ੍ਹੇ ਦੇ ਬਰੇਟਾ ਸ਼ਹਿਰ ਵਿਚ ਦਿਨ-ਦਿਹਾੜੇ ਲੁੱਟਮਾਰ ਦੀ ਵਾਰਦਾਤ ਸਾਹਮਣੇ ਆਈ ਹੈ। ਇਥੇ ਬੈਂਕ ਤੋਂ ਪੈਸੇ ਕੱਢ ਕੇਆਪਣੇ ਘਰ ਪਰਤ ਰਹੀ ਇਕ ਬਜ਼ੁਰਗ ਮਹਿਲਾ ਨੂੰ ਨਿਸ਼ਾਨਾ ਬਣਾਉਂਦੇ ਹੋਏ 2 ਬਾਈਕ ਸਵਾਰ ਬਦਮਾਸ਼ਾਂ ਨੇ ਉਨ੍ਹਾਂ ਦਾ ਬੈਗ ਖੋਹ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ। ਲੁੱਟ ਦੀ ਪੂਰੀ ਵਾਰਦਾਤ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਪੁਲਿਸ ਹੁਣ ਮਾਮਲੇ ਦੀ ਜਾਂਚ ਵਿਚ ਲੱਗੀ ਹੈ।

ਜਾਣਕਾਰੀ ਮੁਤਾਬਕ ਪੀੜਤ ਮਹਿਲਾ ਦਾ ਨਾਂ ਗੁਰਮੀਤ ਕੌਰ ਹੈ। ਮਹਿਲਾ ਬੈਂਕ ਤੋਂ ਪੈਸੇ ਕਢਵਾਉਣ ਗਈ ਸੀ। ਜਦੋਂ ਉਹ ਪੈਸੇ ਕੱਢ ਕੇ ਵਾਪਸ ਘਰ ਵੱਲ ਪੈਦਲ ਜਾ ਰਹੀ ਸੀ ਤਾਂ ਬਾਈਕ ਸਵਾਰ 2 ਅਣਪਛਾਤੇ ਬਦਮਾਸ਼ਾਂ ਨੇ ਅਚਾਨਕ ਉਸ ਦੇ ਹੱਥ ਤੋਂ ਬੈਗ ਖੋਹ ਲਿਆ। ਮਹਿਲਾ ਦੇ ਸ਼ੋਰ ਮਚਾਉਣ ਤੋਂ ਪਹਿਲਾਂ ਹੀ ਮੁਲਜ਼ਮ ਤੇਜ਼ ਰਫਤਾਰ ਬਾਈਕ ‘ਤੇ ਸਵਾਰ ਹੋ ਕੇ ਰਫੂਚੱਕਰ ਹੋ ਗਏ।

ਗੁਰਮੀਤ ਕੌਰ ਨੇ ਬਰੇਟਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਖੋਹੇ ਹੋਏ ਬੈਗ ਵਿਚ 8000 ਰੁਪਏ ਦੀ ਨਕਦੀ, ਪੈਨ ਕਾਰਡ, ਆਧਾਰ ਕਾਰਡ ਤੇ ਹੋਰ ਮਹੱਤਵਪੂਰਨ ਦਸਤਾਵੇਜ਼ ਸ਼ਾਮਲ ਸਨ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਕਮਾਈ ਲੁੱਟਣ ਵਾਲੇ ਇਨ੍ਹਾਂ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।