ਭੂਚਾਲ ਨੇ ਚੀਨ ਵਿਚ ਮਚਾਈ ਤਬਾਹੀ ,111 ਲੋਕਾਂ ਦੀ ਮੌਤ ਅਤੇ ਕਈ ਹੋਏ ਲਾਪਤਾ

 ਭੂਚਾਲ ਨੇ ਚੀਨ ਵਿਚ ਮਚਾਈ ਤਬਾਹੀ ,111 ਲੋਕਾਂ ਦੀ ਮੌਤ ਅਤੇ ਕਈ ਹੋਏ ਲਾਪਤਾ

ਚੀਨ 'ਚ ਭੂਚਾਲ ਕਾਰਨ ਹੁਣ ਤਕ 111 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 200 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਦੱਸ ਦੇਈਏ ਕਿ ਸੋਮਵਾਰ ਦੇਰ ਸ਼ਾਮ ਚੀਨ ਦੇ ਉੱਤਰੀ-ਪੱਛਮੀ ਸੂਬਿਆਂ ਗਾਂਸੂ ਅਤੇ ਕਿੰਗਹਾਈ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.2 ਮਾਪੀ ਗਈ ਹੈ। ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਹੈ।

ਚੀਨੀ ਮੀਡੀਆ ਰੀਪੋਰਟਾਂ ਮੁਤਾਬਕ ਭੂਚਾਲ ਕਾਰਨ ਗਾਂਸੂ 'ਚ 100 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ ਕਿੰਗਹਾਈ 'ਚ 11 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਗਾਂਸੂ 'ਚ 96 ਅਤੇ ਕਿੰਗਹਾਈ 'ਚ 124 ਲੋਕ ਜ਼ਖਮੀ ਹਨ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਹੈ। ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਭੂਚਾਲ ਕਾਰਨ ਕਾਫੀ ਨੁਕਸਾਨ ਹੋਇਆ ਹੈ। ਪਾਣੀ ਅਤੇ ਬਿਜਲੀ ਵਿਵਸਥਾ ਠੱਪ ਹੋ ਗਈ ਹੈ। ਆਵਾਜਾਈ ਅਤੇ ਸੰਚਾਰ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

                          Image

ਸੋਸ਼ਲ ਮੀਡੀਆ ਪੋਸਟ ਦੇ ਅਨੁਸਾਰ, ਗਾਂਸੂ ਦੀ ਰਾਜਧਾਨੀ ਲਾਂਝੂ ਵਿਚ ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਯੂਨੀਵਰਸਿਟੀ ਦੇ ਵਿਦਿਆਰਥੀ ਅਪਣੇ ਡਾਰਮੇਟਰੀ ਤੋਂ ਬਾਹਰ ਆ ਗਏ। ਚੀਨੀ ਮੀਡੀਆ ਨੇ ਦਸਿਆ ਕਿ ਬਚਾਅ ਦਲ ਮੌਕੇ 'ਤੇ ਪਹੁੰਚ ਗਿਆ ਹੈ। ਬਚਾਅ ਕਾਰਜ ਸ਼ੁਰੂ ਕਰ ਦਿਤੇ ਗਏ ਹਨ। ਟੈਂਟ, ਫੋਲਡਿੰਗ ਬੈੱਡ ਅਤੇ ਰਜਾਈਆਂ ਮੌਕੇ 'ਤੇ ਪਹੁੰਚਾਈਆਂ ਜਾ ਰਹੀਆਂ ਹਨ।

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬਚਾਅ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਮੌਤਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਉਪਾਅ ਕਰਨ ਦੇ ਨਿਰਦੇਸ਼ ਵੀ ਦਿਤੇ ਹਨ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਜਾ ਰਿਹਾ ਹੈ, ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ।