ਯੂਕ੍ਰੇਨ ਨਾਲ ਲੜਨ ਲਈ ਰੂਸ ਗਏ ਪੰਜਾਬ ਦੇ 7 ਨੌਜਵਾਨਾਂ ਨੂੰ ਮਜ਼ਬੂਰ ਕੀਤਾ ਜਾ ਰਿਹੈ , 2 ਨੌਜਵਾਨਾਂ ਨੇ ਭਾਰਤ ਭੇਜੀ ਵੀਡੀਓ

 ਯੂਕ੍ਰੇਨ ਨਾਲ ਲੜਨ ਲਈ ਰੂਸ ਗਏ ਪੰਜਾਬ ਦੇ 7 ਨੌਜਵਾਨਾਂ ਨੂੰ ਮਜ਼ਬੂਰ ਕੀਤਾ ਜਾ ਰਿਹੈ , 2 ਨੌਜਵਾਨਾਂ ਨੇ ਭਾਰਤ ਭੇਜੀ ਵੀਡੀਓ

ਕੁਝ ਸਮਾਂ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਤੋਂ ਰੂਸ ਗਏ 2 ਨੌਜਵਾਨਾਂ ਨੇ ਇਕ ਵੀਡੀਓ ਭੇਜ ਕੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਯੂਕ੍ਰੇਨ ਖ਼ਿਲਾਫ਼ ਜੰਗ ਲੜਨ ਲਈ ਰੂਸੀ ਫੌਜ ’ਚ ਜ਼ਬਰਦਸਤੀ ਭਰਤੀ ਕੀਤਾ ਜਾ ਰਿਹਾ ਹੈ। ਇਸ ਕਾਰਨ ਉਕਤ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਭਾਰਤ ਸਰਕਾਰ ਕੋਲ ਮਦਦ ਲਈ ਅਪੀਲ ਕੀਤੀ ਹੈ। ਇਨ੍ਹਾਂ ਨੌਜਵਾਨਾਂ ਵਿਚ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾਨਗਰ ਦੇ ਪਿੰਡ ਅਵਾਂਖਾ ਦਾ ਰਵਨੀਤ ਸਿੰਘ ਅਤੇ ਪਿੰਡ ਜੰਡੇ ਦਾ ਵਿਕਰਮ ਸ਼ਾਮਲ ਹੈ।

ਰਵਨੀਤ ਸਿੰਘ ਦੀ ਭੈਣ ਨਵਦੀਪ ਕੌਰ ਅਤੇ ਮਾਤਾ ਕੁਲਵੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਕਰਜ਼ਾ ਲੈ ਕੇ ਆਪਣੇ ਮੁੰਡੇ ਨੂੰ ਵਿਦੇਸ਼ ਭੇਜਿਆ ਸੀ। ਏਜੰਟ ਨੇ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਕਿਸੇ ਚੰਗੇ ਦੇਸ਼ ਵਿਚ ਕੰਮ ਕਰਨ ਲਈ ਭੇਜੇਗਾ ਪਰ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਰਵਨੀਤ ਦਾ ਫੋਨ ਆਇਆ ਕਿ ਉਸ ਨੂੰ ਰੂਸ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਰੂਸ ਦੀ ਫੌਜ ਵਿਚ ਭਰਤੀ ਹੋਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਰਵਨੀਤ ਨੇ ਇਹ ਵੀ ਖੁਲਾਸਾ ਕੀਤਾ ਕਿ ਪੰਜਾਬ ਦੇ 7 ਨੌਜਵਾਨ ਅਜਿਹੇ ਹਨ, ਜਿਨ੍ਹਾਂ ਨੂੰ ਫੜ੍ਹ ਕੇ ਰੂਸੀ ਫੌਜ ’ਚ ਭਰਤੀ ਕੀਤਾ ਜਾ ਰਿਹਾ ਹੈ ਅਤੇ ਯੂਕ੍ਰੇਨ ਨਾਲ ਜੰਗ ਲੜਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਸ ਨੇ ਦੱਸਿਆ ਉਸ ਤੋਂ ਪਹਿਲਾਂ ਫੜ੍ਹੇ ਗਏ ਕਈ ਨੌਜਵਾਨਾਂ ਨੂੰ ਯੂਕ੍ਰੇਨ ਜੰਗ ਵਿਚ ਭੇਜਿਆ ਜਾ ਚੁੱਕਿਆ ਹੈ ਅਤੇ ਹੁਣ ਉਸ ਨੂੰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਹਾਲ ਹੀ ’ਚ ਵਾਇਰਲ ਹੋਈ ਇਕ ਵੀਡੀਓ ਵਿਚ ਗਗਨਦੀਪ ਸਿੰਘ ਨਾਂ ਦੇ ਨੌਜਵਾਨ ਨੇ ਕਿਹਾ ਕਿ ਉਹ 27 ਦਸੰਬਰ ਨੂੰ ਨਵਾਂ ਸਾਲ ਮਨਾਉਣ ਲਈ ਆਪਣੇ ਦੋਸਤਾਂ ਨਾਲ ਰੂਸ ਲਈ ਰਵਾਨਾ ਹੋਇਆ ਸੀ। ਉਹ ਰੂਸ ਦਾ 90 ਦਿਨਾਂ ਦਾ ਵੀਜ਼ਾ ਲੈ ਕੇ ਗਿਆ ਸੀ। ਉੱਥੇ ਇਕ ਏਜੰਟ ਨੇ ਉਨ੍ਹਾਂ ਨੂੰ ਬੇਲਾਰੂਸ ਲੈ ਕੇ ਜਾਣ ਦੀ ਪੇਸ਼ਕਸ ਕੀਤੀ ਅਤੇ ਉਹ ਸਾਰੇ ਬਿਨਾਂ ਵੀਜ਼ੇ ਦੇ ਬੇਲਾਰੂਸ ਚਲੇ ਗਏ ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਥੇ ਵੀਜ਼ੇ ਦੀ ਲੋੜ ਹੈ। ਉਥੇ ਉਸ ਨੂੰ ਪੁਲਸ ਨੇ ਫੜ੍ਹ ਲਿਆ ਅਤੇ ਰੂਸੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਰੂਸੀ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਕੁਝ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਵਾਏ ਅਤੇ ਹੁਣ ਉਨ੍ਹਾਂ ਨੂੰ ਯੂਕ੍ਰੇਨ ਵਿਰੁੱਧ ਜੰਗ ਲੜਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

ਗਗਨਦੀਪ ਸਿੰਘ ਦੇ ਪਰਿਵਾਰ ਨੇ ਇਸ ਮਾਮਲੇ ਵਿਚ ਵਿਦੇਸ਼ ਮੰਤਰਾਲੇ ਤੋਂ ਦਖ਼ਲ ਦੀ ਮੰਗ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬੇਲਾਰੂਸ ਵਿਚ ਗਗਨਦੀਪ ਹੋਰਾਂ ਨੇ ਜਿਨ੍ਹਾਂ ਕਾਗਜ਼ਾਂ ’ਤੇ ਦਸਤਖ਼ਤ ਕੀਤੇ, ਉਹ ਰੂਸੀ ਭਾਸ਼ਾ ਵਿਚ ਸਨ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਜਾਂ ਤਾਂ ਉਹ 10 ਸਾਲ ਦੀ ਸਜ਼ਾ ਸਵੀਕਾਰ ਕਰ ਲੈਣ ਜਾਂ ਰੂਸੀ ਫੌਜ ਵਿਚ ਭਰਤੀ ਹੋ ਜਾਣ। ਉਨ੍ਹਾਂ ਨੂੰ 15 ਦਿਨਾਂ ਦੀ ਫੌਜੀ ਸਿਖਲਾਈ ਵੀ ਦਿੱਤੀ ਗਈ ਹੈ। ਗਗਨਦੀਪ ਦੇ ਪਰਿਵਾਰ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਪੰਜਾਬ ਦੇ ਤਕਰੀਬਨ 7 ਨੌਜਵਾਨ ਅਜਿਹੇ ਹਨ, ਜਿਨ੍ਹਾਂ ਨੂੰ ਫੜ੍ਹ ਕੇ ਰੂਸ ਦੀ ਫੌਜ ਵਿਚ ਭਰਤੀ ਕਰ ਕੇ ਯੂਕ੍ਰੇਨ ਨਾਲ ਜੰਗ ਵਿਚ ਜਾਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸ ਲਈ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਭਾਰਤ ਲਿਆਉਣ ਲਈ ਯਤਨ ਕੀਤੇ ਜਾਣ।