- Updated: November 09, 2026 06:40 PM
ਮਹਾਨਗਰ ਲੁਧਿਆਣਾ ਵਿੱਚ ਦੀਵਾਲੀ ਦੀ ਰਾਤ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੌਂਸਲਰ ਕੁਲਦੀਪ ਸਿੰਘ ਪਨੇਸਰ ਬਿੱਟਾ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੱਲੀ ਗੋਲੀ ਉਨ੍ਹਾਂ ਦੇ ਘਰ ਦੇ ਵਿਹੜੇ ਵਿੱਚ ਖੜ੍ਹੀ ਕਾਰ ਦੀ ਛੱਤ ਨੂੰ ਪਾੜਦੀ ਹੋਈ ਸ਼ੀਸ਼ੇ ’ਤੇ ਜਾ ਡਿੱਗੀ। ਗਨੀਮਤ ਰਹੀ ਕਿ ਘਟਨਾ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਘਰ ਦੇ ਅੰਦਰ ਦੀਵਾਲੀ ਦੀ ਪੂਜਾ ਕਰ ਰਹੇ ਸਨ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦਾ ਪਤਾ ਅਗਲੀ ਸਵੇਰ ਲੱਗਣ ’ਤੇ ਪਰਿਵਾਰ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ।
ਜਾਣਕਾਰੀ ਅਨੁਸਾਰ ਸਾਬਕਾ ਕੌਂਸਲਰ ਕੁਲਦੀਪ ਸਿੰਘ ਪਨੇਸਰ ਬਿੱਟਾ ਅਤੇ ਉਨ੍ਹਾਂ ਦੇ ਭਰਾ ਜਤਿੰਦਰ ਸਿੰਘ ਪਨੇਸਰ ਮਿੰਟਾ ਨੇ ਸਵੇਰੇ ਜਦੋਂ ਘਰ ਦੇ ਵਿਹੜੇ ਵਿੱਚ ਖੜ੍ਹੀ ਕਾਰ ਦੀ ਜਾਂਚ ਕੀਤੀ ਤਾਂ ਕਾਰ ਦੀ ਛੱਤ ’ਤੇ ਗੋਲੀ ਲੱਗਣ ਦੇ ਨਿਸ਼ਾਨ ਦਿਖਾਈ ਦਿੱਤੇ। ਜਾਂਚ ਕਰਨ ’ਤੇ ਪਤਾ ਲੱਗਿਆ ਕਿ ਗੋਲੀ ਕਾਰ ਦੀ ਛੱਤ ਨੂੰ ਪਾੜ ਕੇ ਸ਼ੀਸ਼ੇ ਉੱਪਰ ਜਾ ਡਿੱਗੀ ਸੀ। ਮੁੱਢਲੀ ਜਾਂਚ ਦੌਰਾਨ ਗੋਲੀ 45 ਬੋਰ ਦੀ ਪਿਸਤੌਲ ਦੀ ਦੱਸੀ ਜਾ ਰਹੀ ਹੈ।