ਇੰਦੌਰ ’ਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਕਸ਼ੈ ਬਮ ਨੇ ਆਖ਼ਰੀ ਦਿਨ ਅਪਣਾ ਨਾਮਜ਼ਦਗੀ ਪੱਤਰ ਵਾਪਸ ਲਿਆ

ਇੰਦੌਰ ’ਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਕਸ਼ੈ ਬਮ ਨੇ ਆਖ਼ਰੀ ਦਿਨ ਅਪਣਾ ਨਾਮਜ਼ਦਗੀ ਪੱਤਰ ਵਾਪਸ ਲਿਆ

ਇੰਦੌਰ ਲੋਕ ਸਭਾ ਸੀਟ ’ਤੇ ਪਿਛਲੇ 35 ਸਾਲਾਂ ਤੋਂ ਜਿੱਤ ਦੀ ਉਡੀਕ ਕਰ ਰਹੀ ਕਾਂਗਰਸ ਨੂੰ ਉਦੋਂ ਤਕੜਾ ਝਟਗਾ ਲੱਗਾ ਜਦੋਂ ਉਸ ਦੇ ਉਮੀਦਵਾਰ ਅਕਸ਼ੈ ਕਾਂਤੀ ਬਮ ਨੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖ਼ਰੀ ਦਿਨ ਸੋਮਵਾਰ ਨੂੰ ਅਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ। ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋ ਗਏ ਹਨ ਅਤੇ ਜਲਦੀ ਹੀ ਰਸਮੀ ਤੌਰ ’ਤੇ ਪਾਰਟੀ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। 

ਚਸ਼ਮਦੀਦਾਂ ਨੇ ਦਸਿਆ ਕਿ ਬਮ ਸੋਮਵਾਰ ਨੂੰ ਸਥਾਨਕ ਭਾਜਪਾ ਵਿਧਾਇਕ ਰਮੇਸ਼ ਮੈਂਡੋਲਾ ਦੇ ਨਾਲ ਕੁਲੈਕਟਰ ਦੇ ਦਫਤਰ ਪਹੁੰਚੇ ਅਤੇ ਅਪਣੇ ਕਾਗਜ਼ ਵਾਪਸ ਲੈ ਲਏ। ਵਾਪਸੀ ਦੇ ਰਸਤੇ ’ਚ, ਉਹ ਪੱਤਰਕਾਰਾਂ ਦੇ ਸਵਾਲਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਮੇਂਦੋਲਾ ਨਾਲ ਇਕ ਕਾਰ ’ਚ ਰਵਾਨਾ ਹੋ ਗਿਆ। 

ਜ਼ਿਲ੍ਹਾ ਮੈਜਿਸਟਰੇਟ ਆਸ਼ੀਸ਼ ਸਿੰਘ ਨੇ ਪੁਸ਼ਟੀ ਕੀਤੀ ਕਿ ਬਮ ਦੀ ਨਾਮਜ਼ਦਗੀ ਵਾਪਸ ਲੈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਉਮੀਦਵਾਰ ਬਮ ਸਮੇਤ ਤਿੰਨ ਉਮੀਦਵਾਰਾਂ ਨੇ ਅੱਜ ਨਿਰਧਾਰਤ ਪ੍ਰਕਿਰਿਆ ਤੋਂ ਬਾਅਦ ਅਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਇਸ ਪ੍ਰਕਿਰਿਆ ਦੀ ਵੀਡੀਉਗ੍ਰਾਫੀ ਵੀ ਕੀਤੀ ਗਈ ਹੈ। ਇੰਦੌਰ ਸੀਟ ਦੇ ਉਮੀਦਵਾਰਾਂ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖ਼ਰੀ ਤਰੀਕ 29 ਅਪ੍ਰੈਲ (ਸੋਮਵਾਰ) ਸੀ। ਇਸ ਹਲਕੇ ’ਚ 13 ਮਈ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। 

ਇਸ ਦੌਰਾਨ ਸੂਬੇ ਦੇ ਕੈਬਨਿਟ ਮੰਤਰੀ ਕੈਲਾਸ਼ ਵਿਜੇਵਰਗੀਆ ਨੇ ਅਪਣੇ ‘ਐਕਸ’ ਅਕਾਊਂਟ ’ਤੇ ਇਕ ਤਸਵੀਰ ਪੋਸਟ ਕੀਤੀ, ਜਿਸ ’ਚ ਬਮ ਉਨ੍ਹਾਂ ਦੇ ਨਾਲ ਇਕ ਕਾਰ ’ਚ ਬੈਠੇ ਦਿਸ ਰਹੇ ਹਨ। ਉਨ੍ਹਾਂ ਦੇ ਨਾਲ ਕਾਰ ’ਚ ਭਾਜਪਾ ਵਿਧਾਇਕ ਮੇਂਦੋਲਾ ਵੀ ਸਨ। ਮੇਂਦੋਲਾ ਨੂੰ ਵਿਜੇਵਰਗੀਆ ਦਾ ਭਰੋਸੇਮੰਦ ਮੰਨਿਆ ਜਾਂਦਾ ਹੈ। ਵਿਜੈਵਰਗੀ ਨੇ ਨਾਲ ਲਿਖਿਆ ਹੈ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੌਮੀ ਪ੍ਰਧਾਨ ਜੇ.ਪੀ. ਨੱਢਾ, ਮੁੱਖ ਮੰਤਰੀ ਮੋਹਨ ਯਾਦਵ ਅਤੇ ਪ੍ਰਦੇਸ਼ ਪ੍ਰਧਾਨ ਵੀ.ਡੀ. ਸ਼ਰਮਾ ਦੀ ਅਗਵਾਈ ਹੇਠ ਭਾਜਪਾ ’ਚ ਤੁਹਾਡਾ ਸਵਾਗਤ ਹੈ।’’ 

ਨਾਮਜ਼ਦਗੀ ਚਿੱਠੀ ਵਾਪਸ ਲੈਣ ਤੋਂ ਬਾਅਦ ਬਮ ਸਥਾਨਕ ਭਾਜਪਾ ਦਫ਼ਤਰ ਪਹੁੰਚੇ। ਭਾਜਪਾ ਨੇ ਇਕ ਤਸਵੀਰ ਵੀ ਜਾਰੀ ਕੀਤੀ ਹੈ, ਜਿਸ ਵਿਚ ਉਹ ਉਪ ਮੁੱਖ ਮੰਤਰੀ ਜਗਦੀਸ਼ ਦੇਵੜਾ, ਕੈਬਨਿਟ ਮੰਤਰੀ ਕੈਲਾਸ਼ ਵਿਜੇਵਰਗੀਆ ਅਤੇ ਪਾਰਟੀ ਦੇ ਹੋਰ ਨੇਤਾਵਾਂ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਤਸਵੀਰ ’ਚ ਬਮ ਨੂੰ ਭਾਜਪਾ ਦੇ ਚੋਣ ਨਿਸ਼ਾਨ ‘ਕਮਲ’ ਵਾਲਾ ਅੰਗਵਸਤਰ ਪਹਿਨੇ ਹੋਏ ਵੇਖਿਆ ਜਾ ਸਕਦਾ ਹੈ। ਭਾਜਪਾ ਸੂਤਰਾਂ ਨੇ ਦਸਿਆ ਕਿ ਬਮ ਜਲਦੀ ਹੀ ਰਸਮੀ ਤੌਰ ’ਤੇ ਪਾਰਟੀ ’ਚ ਸ਼ਾਮਲ ਹੋਣਗੇ। ਇਸ ਦੌਰਾਨ ਪੱਤਰਕਾਰ ਕਲੋਨੀ ’ਚ ਬੰਬ ਦੇ ਘਰ ਦੇ ਬਾਹਰ ਬੈਰੀਕੇਡ ਲਗਾ ਕੇ ਪੁਲਿਸ ਤਾਇਨਾਤ ਕਰ ਦਿਤੀ ਗਈ ਹੈ। 

ਬਮ ਵਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਇੰਦੌਰ ਦੀ ਸ਼ਹਿਰੀ ਕਾਂਗਰਸ ਇਕਾਈ ਦੇ ਕਾਰਜਕਾਰੀ ਪ੍ਰਧਾਨ ਦੇਵੇਂਦਰ ਯਾਦਵ ਨੇ ਪਾਰਟੀ ਸੰਗਠਨ ’ਤੇ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਰ ਕੀਤੀ। ਯਾਦਵ ਨੇ ਕਿਹਾ, ‘‘ਮੈਂ ਖੁਦ ਇੰਦੌਰ ਤੋਂ ਚੋਣ ਲੜਨ ਲਈ ਟਿਕਟ ਮੰਗੀ ਸੀ, ਪਰ ਮੇਰੇ ਵਰਗੇ ਜ਼ਮੀਨੀ ਪੱਧਰ ਦੇ ਕਈ ਕਾਂਗਰਸੀ ਵਰਕਰਾਂ ਨੂੰ ਨਜ਼ਰਅੰਦਾਜ਼ ਕਰ ਦਿਤਾ ਗਿਆ ਅਤੇ ਬਮ ਦੇ ਪੈਸੇ ਦੀ ਤਾਕਤ ਵੇਖ ਕੇ ਟਿਕਟਾਂ ਦਿਤੀਆਂ ਗਈਆਂ।’’

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਡਰ ਸੀ ਕਿ ਬਮ ਆਖਰੀ ਵਾਰ ਨਾਮਜ਼ਦਗੀ ਵਾਪਸ ਲੈ ਸਕਦੇ ਹਨ। ਇੰਦੌਰ ਪ੍ਰਦੇਸ਼ ਕਾਂਗਰਸ ਪ੍ਰਧਾਨ ਜੀਤੂ ਪਟਵਾਰੀ ਦਾ ਗ੍ਰਹਿ ਖੇਤਰ ਵੀ ਹੈ। ਭਾਜਪਾ ਦਾ ਮਜ਼ਬੂਤ ਗੜ੍ਹ ਕਹੇ ਜਾਣ ਵਾਲੇ ਇੰਦੌਰ ’ਚ ਕਾਂਗਰਸ ਨੇ ਇਕ ਨਵਾਂ ਚਿਹਰਾ ਬਮ (45) ਨੂੰ ਮੈਦਾਨ ’ਚ ਉਤਾਰਿਆ ਸੀ। ਬਮ ਪੇਸ਼ੇ ਤੋਂ ਇਕ ਕਾਰੋਬਾਰੀ ਹਨ ਅਤੇ ਉਸ ਦਾ ਪਰਵਾਰ ਸ਼ਹਿਰ ’ਚ ਨਿੱਜੀ ਕਾਲਜ ਚਲਾਉਂਦਾ ਹੈ। 

ਬਮ ਨੇ ਅਪਣੇ ਸਿਆਸੀ ਕਰੀਅਰ ’ਚ ਹੁਣ ਤਕ ਇਕ ਵੀ ਚੋਣ ਨਹੀਂ ਲੜੀ ਹੈ। ਕਾਂਗਰਸ ਨੇ ਉਨ੍ਹਾਂ ਨੂੰ ਇੰਦੌਰ ਤੋਂ ਚੋਣ ਲੜਨ ਦਾ ਮੌਕਾ ਅਜਿਹੇ ਸਮੇਂ ਦਿਤਾ ਸੀ ਜਦੋਂ ਪਾਰਟੀ ਦੇ ਤਿੰਨ ਸਾਬਕਾ ਵਿਧਾਇਕਾਂ ਸਮੇਤ ਸੈਂਕੜੇ ਪਾਰਟੀ ਵਰਕਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਬਦਲ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇੰਦੌਰ ਵਿਚ ਮੁੱਖ ਮੁਕਾਬਲਾ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਸ਼ੰਕਰ ਲਾਲਵਾਨੀ (62) ਅਤੇ ਬਮ ਵਿਚਾਲੇ ਸੀ। ਵੋਟਰਾਂ ਦੀ ਗਿਣਤੀ ਦੇ ਹਿਸਾਬ ਨਾਲ ਸੂਬੇ ਦੇ ਸੱਭ ਤੋਂ ਵੱਡੇ ਹਲਕੇ ਇੰਦੌਰ ’ਚ 25.13 ਲੱਖ ਵੋਟਰ ਹਨ, ਜਿੱਥੇ ਭਾਜਪਾ ਨੇ ਇਸ ਵਾਰ ਅੱਠ ਲੱਖ ਵੋਟਾਂ ਦੇ ਫਰਕ ਨਾਲ ਜਿੱਤਣ ਦਾ ਨਾਅਰਾ ਦਿਤਾ ਹੈ।

ਕਾਂਗਰਸ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਇੰਦੌਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਕਸ਼ੈ ਕਾਂਤੀ ਬਮ ਦਾ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਲੋਕਤੰਤਰ ਦਾ ਚੀਰਹਰਣ ਕਰਨ ਦਾ ਦੋਸ਼ ਲਾਇਆ। ਪਾਰਟੀ ਬੁਲਾਰੇ ਸੁਪ੍ਰਿਆ ਸ਼੍ਰੀਨੇਤ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਚੋਟੀ ਦੇ ਨੇਤਾ ਵਿਰੋਧੀ ਉਮੀਦਵਾਰਾਂ ਨੂੰ ਧਮਕਾਉਣ ਅਤੇ ਕੇਸ ਦਰਜ ਕਰਨ ’ਚ ਸ਼ਾਮਲ ਹਨ। ਇਸ ਬਾਰੇ ਪੁੱਛੇ ਜਾਣ ’ਤੇ ਸੁਪ੍ਰਿਆ ਸ਼੍ਰੀਨੇਤ ਨੇ ਪੱਤਰਕਾਰਾਂ ਨੂੰ ਕਿਹਾ, ‘‘ਜਿਸ ਸੱਜਣ ਦਾ ਤੁਸੀਂ ਨਾਮ ਲੈ ਰਹੇ ਹੋ, ਉਹ ਕੁੱਝ ਯੂਨੀਵਰਸਿਟੀਆਂ ਅਤੇ ਕਾਲਜ ਚਲਾਉਂਦੇ ਹਨ। ਉਨ੍ਹਾਂ ’ਤੇ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਉਨ੍ਹਾਂ ’ਤੇ ਕੀ ਦਬਾਅ ਸੀ, ਮੈਨੂੰ ਨਹੀਂ ਪਤਾ। ਪਰ ਕੋਈ ਵੀ ਬਸ ਐਵੇਂ ਨਾਮਜ਼ਦਗੀ ਵਾਪਸ ਨਹੀਂ ਲੈਂਦਾ ਅਤੇ ਭਾਜਪਾ ’ਚ ਸ਼ਾਮਲ ਨਹੀਂ ਹੁੰਦਾ। ਇਹ ਲੋਕਤੰਤਰ ਦੀ ਚੀਰਹਰਣ ਹੈ।’’ ਉਨ੍ਹਾਂ ਕਿਹਾ, ‘‘ਭਾਜਪਾ ਉਮੀਦਵਾਰ ਨੂੰ ਡਰਾ-ਧਮਕਾ ਕੇ, ਉਸ ਦੇ ਪ੍ਰਸਤਾਵਕਾਂ ਨੂੰ ਡਰਾ-ਧਮਕਾ ਕੇ ਅਤੇ ਉਨ੍ਹਾਂ ਵਿਰੁਧ ਕੇਸ ਦਰਜ ਕਰ ਕੇ ਜੋ ਕੰਮ ਕਰ ਰਹੀ ਹੈ, ਉਸ ਨੂੰ ਚੋਣਾਂ ਜਿੱਤਣਾ ਨਹੀਂ ਕਿਹਾ ਜਾਂਦਾ, ਇਸ ਨੂੰ ਲੋਕਤੰਤਰ ਦਾ ਚੀਰਹਰਣ ਕਿਹਾ ਜਾਂਦਾ ਹੈ। ਇਹ ਕੰਮ ਭਾਜਪਾ ਦੇ ਚੋਟੀ ਦੇ ਨੇਤਾਵਾਂ ਵਲੋਂ ਕੀਤਾ ਜਾ ਰਿਹਾ ਹੈ।’’