ਅਮਰੀਕਾ ''ਚ ਟਾਂਡਾ ਦੇ ਨੌਜਵਾਨ ਨੇ ਨੇਵੀ ਦਾ ਅਫ਼ਸਰ ਬਣ ਚਮਕਾਇਆ ਪੰਜਾਬ ਦਾ ਨਾਂ। 

ਅਮਰੀਕਾ ''ਚ ਟਾਂਡਾ ਦੇ ਨੌਜਵਾਨ ਨੇ ਨੇਵੀ ਦਾ ਅਫ਼ਸਰ ਬਣ ਚਮਕਾਇਆ ਪੰਜਾਬ ਦਾ ਨਾਂ। 

ਟਾਂਡਾ ਉੜਮੁੜ ਦੇ ਪਿੰਡ ਖੁੱਡਾ ਨਾਲ ਸਬੰਧਤ ਨੌਜਵਾਨ ਹਰਪ੍ਰੀਤ ਸਿੰਘ ਅਮਰੀਕਾ ਵਿਚ ਨੇਵੀ ਦਾ ਅਫ਼ਸਰ ਬਣਿਆ ਹੈ। ਪੰਜਾਬ ਪੁਲਸ ਦੇ ਸੇਵਾਮੁਕਤ ਇੰਸਪੈਕਟਰ ਵਰਿੰਦਰ ਸਿੰਘ ਅਤੇ ਮਾਤਾ ਸੇਵਾਮੁਕਤ ਟੀਚਰ ਜਗਦੀਸ਼ ਕੌਰ ਦੇ ਹੋਣਹਾਰ ਸਪੁੱਤਰ ਹਰਪ੍ਰੀਤ ਸਿੰਘ ਦੀ ਪ੍ਰਾਪਤੀ ਤੋਂ ਬਾਅਦ ਪੂਰਾ ਪਰਿਵਾਰ ਅਤੇ ਪਿੰਡ ਵਾਸੀ ਮਾਣ ਮਹਿਸੂਸ ਕਰ ਰਹੇ ਹਨ।

ਅਮਰੀਕਾ ਤੋਂ ਹਰਪ੍ਰੀਤ ਨੇ ਆਪਣੀ ਇਸ ਪ੍ਰਾਪਤੀ ਬਾਰੇ ਦੱਸਿਆ ਕਿ ਸੇਂਟ ਪੌਲ ਕਾਨਵੈਂਟ ਸਕੂਲ ਦਸੂਹਾ ਅਤੇ ਫਿਰ ਜੀ. ਜੀ. ਡੀ. ਐੱਸ. ਡੀ. ਕਾਲਜ ਹਰਿਆਣਾ ਤੋਂ ਪੜ੍ਹਾਈ ਕਰਨ ਉਪਰੰਤ ਉੱਚ ਪੜ੍ਹਾਈ ਲਈ 2008 ਤੋਂ 2013 ਤੱਕ ਆਇਰਲੈਂਡ ਰਿਹਾ ਅਤੇ 2013 ਅਮਰੀਕਾ ਚਲਾ ਗਿਆ, ਜਿੱਥੇ ਉਸ ਨੇ ਯੂਨੀਵਰਸਿਟੀ ਆਫ਼ ਵਿਸਕਾਨਸਿਨ ਵਿਚ ਐੱਮ. ਬੀ. ਏ. ਦੀ ਪੜ੍ਹਾਈ ਕੀਤੀ। ਚਾਰ ਵਰ੍ਹੇ ਪਹਿਲਾਂ ਹੀ ਉਹ ਅਮਰੀਕੀ ਨੇਵੀ ਵਿਚ ਭਰਤੀ ਹੋਇਆ ਸੀ ਅਤੇ ਹੁਣ ਉਸ ਦਾ ਸੁਫ਼ਨਾ ਉਸ ਵੇਲੇ ਪੂਰਾ ਹੋ ਗਿਆ ਜਦੋਂ ਸਖ਼ਤ ਮਿਹਨਤ ਕਰਦੇ ਹੋਏ ਅੱਗੇ ਵਧਿਆ ਹਰਪ੍ਰੀਤ ਅਮਰੀਕੀ ਨੇਵੀ ਦਾ ਕਮਿਸ਼ਨਡ ਅਫ਼ਸਰ ਬਣ ਗਿਆ ਹੈ। ਹਰਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਯੂਨੀਵਰਸਿਟੀ ਪੱਧਰ ਦਾ ਮੋਹਰੀ ਦੌੜਾਕ ਰਿਹਾ ਹੈ। ਸਖ਼ਤ ਮਿਹਨਤ ਕਰਕੇ ਇਸ ਮੁਕਾਮ 'ਤੇ ਪਹੁੰਚੇ ਆਪਣੇ ਪੁੱਤਰ 'ਤੇ ਉਨ੍ਹਾਂ ਨੂੰ ਫ਼ਖ਼ਰ ਹੈ।