- Updated: October 09, 2023 05:04 PM
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 5 ਸੂਬਿਆਂ ਦੀਆਂ ਚੋਣਾਂ ਦੇ ਐਲਾਨ ਮਗਰੋਂ ਕਿਹਾ ਕਿ ਉਹ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿਚ ਪੂਰੀ ਤਾਕਤ ਨਾਲ ਚੋਣ ਲੜਨਗੇ। ਕੇਜਰੀਵਾਲ ਨੇ ਕਿਹਾ ਕਿ ਤਿੰਨੋਂ ਸੂਬਿਆਂ ਵਿਚ ਸਾਡੀ ਪਾਰਟੀ ਦੀ ਤਿਆਰੀ ਪੂਰੀ ਹੈ। ਅਸੀਂ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿਚ ਪੂਰੀ ਤਾਕਤ ਨਾਲ ਚੋਣਾਂ ਲੜਾਂਗੇ। ਪਾਰਟੀ ਦੇ ਉਮੀਦਵਾਰਾਂ ਦੀ ਲਿਸਟ ਜਲਦ ਹੀ ਆਉਣ ਵਾਲੀ ਹੈ। ਉਨ੍ਹਾਂ ਨੇ ਇੰਡੀਆ ਗਠਜੋੜ ਨਾਲ ਚੋਣਾਂ ਲੜਨ ਦੇ ਸਵਾਲ 'ਤੇ ਕਿਹਾ ਕਿ ਜੋ ਵੀ ਹੋਵੇਗਾ ਇਸ ਬਾਰੇ ਦੱਸਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਅੱਜ 5 ਸੂਬਿਆਂ 'ਚ ਚੋਣਾਂ ਦਾ ਐਲਾਨ ਕੀਤਾ ਹੈ, ਜਿਸ 'ਚ ਛੱਤੀਸਗੜ੍ਹ ਨੂੰ ਛੱਡ ਕੇ ਬਾਕੀ 4 ਸੂਬਿਆਂ 'ਚ 1-1 ਪੜਾਅ ਵਿਚ ਚੋਣਾਂ ਸੰਪੰਨ ਹੋਣਗੀਆਂ। ਮਿਜ਼ੋਰਮ 'ਚ 7 ਨਵੰਬਰ ਨੂੰ ਵੋਟਾਂ ਪੈਣਗੀਆਂ। ਛੱਤੀਸਗੜ੍ਹ 'ਚ 2 ਪੜਾਵਾਂ 'ਚ ਵੋਟਾਂ ਪੈਣਗੀਆਂ। ਛੱਤੀਸਗੜ੍ਹ 'ਚ 7 ਅਤੇ 17 ਨਵੰਬਰ ਨੂੰ ਵੋਟਾਂ ਪੈਣਗੀਆਂ। ਰਾਜਸਥਾਨ 'ਚ 23 ਨਵੰਬਰ ਨੂੰ ਵੋਟਾਂ ਪੈਣਗੀਆਂ। ਤੇਲੰਗਾਨਾ 'ਚ 30 ਅਤੇ ਮੱਧ ਪ੍ਰਦੇਸ਼ 'ਚ 17 ਨਵੰਬਰ ਨੂੰ ਵੋਟਾਂ ਪੈਣਗੀਆਂ। ਸਾਰੇ ਸੂਬਿਆਂ ਵਿਚ 3 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।