- Updated: September 16, 2026 12:35 PM
ਸਟੱਡੀ ਵੀਜ਼ੇ 'ਤੇ ਕੈਨੇਡਾ ਜਾਣ ਵਾਲੇ ਪੰਜਾਬੀਆਂ ਨੂੰ ਹੁਣ ਵਧੇਰੇ ਖ਼ਰਚਾ ਕਰਨਾ ਪਵੇਗਾ। ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਹੁਣ ਰਿਹਾਇਸ਼ ਅਤੇ ਖਾਣ-ਪੀਣ ਸਮੇਤ ਰੋਜ਼ਾਨਾ ਜੀਵਨ ਦੇ ਖਰਚਿਆਂ ਅਤੇ ਹੋਰ ਪ੍ਰਬੰਧਾਂ ਲਈ 17 ਲੱਖ ਰੁਪਏ ਦਾ ਬੈਂਕ ਬੈਲੇਂਸ ਰੱਖਣਾ ਪਵੇਗਾ। 'ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ' (IRCC) ਨੇ ਨਵੇਂ ਨਿਯਮ ਲਾਗੂ ਕੀਤੇ ਹਨ, ਜਿਨ੍ਹਾਂ ਨੂੰ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਦੀ ਅਧਿਕਾਰਤ ਵੈੱਬਸਾਈਟ 'ਤੇ ਅਪਡੇਟ ਕੀਤਾ ਗਿਆ ਸੀ।
ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਦੇਸ਼ ਵਿੱਚ ਵਧਦੀ ਮਹਿੰਗਾਈ ਕਾਰਨ ਲਿਆ ਗਿਆ ਹੈ। ਇਸ ਤੋਂ ਪਹਿਲਾਂ, ਪੜ੍ਹਾਈ ਲਈ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਲਗਭਗ 15 ਲੱਖ ਰੁਪਏ ਦਾ ਸਾਲਾਨਾ ਬੈਂਕ ਬੈਲੇਂਸ ਬਣਾਈ ਰੱਖਣਾ ਜ਼ਰੂਰੀ ਸੀ। IRCC ਦੇ ਅਨੁਸਾਰ, ਨਵੇਂ ਨਿਯਮ ਉਨ੍ਹਾਂ ਵਿਦਿਆਰਥੀਆਂ 'ਤੇ ਲਾਗੂ ਨਹੀਂ ਹੋਣਗੇ ਜਿਨ੍ਹਾਂ ਨੇ ਪਹਿਲਾਂ ਹੀ 31 ਅਗਸਤ ਤੱਕ ਅਰਜ਼ੀ ਦੇ ਦਿੱਤੀ ਹੈ। 1 ਸਤੰਬਰ 2026 ਤੋਂ, ਕੈਨੇਡੀਅਨ ਯੂਨੀਵਰਸਿਟੀਆਂ ਜਾਂ ਕਾਲਜਾਂ ਵਿੱਚ ਦਾਖਲੇ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਨੂੰ ਮੌਜੂਦਾ ਲੋੜ ਨਾਲੋਂ ਲਗਭਗ 2 ਲੱਖ ਰੁਪਏ ਵੱਧ ਬੈਂਕ ਬੈਲੇਂਸ ਦਿਖਾ ਕੇ ਵਧੇਰੇ ਵਿੱਤੀ ਸਥਿਰਤਾ ਸਾਬਤ ਕਰਨੀ ਪਵੇਗੀ।
ਕੈਨੇਡੀਅਨ ਸਰਕਾਰ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤੀ ਗਈ ਇੱਕ ਤਾਜ਼ਾ ਸੂਚਨਾ ਅਨੁਸਾਰ, ਹੁਣ ਇੱਕ ਇਕੱਲੇ ਬਿਨੈਕਾਰ (ਅਕੇਲੇ ਜਾਣ ਵਾਲੇ ਵਿਦਿਆਰਥੀ) ਲਈ ਰਹਿਣ-ਸਹਿਣ ਦੇ ਖਰਚਿਆਂ ਨੂੰ ਪੂਰਾ ਕਰਨ ਵਾਸਤੇ ਘੱਟੋ-ਘੱਟ 23,448 ਕੈਨੇਡੀਅਨ ਡਾਲਰ (CAD) ਦੀ ਰਾਸ਼ੀ ਦਿਖਾਉਣਾ ਲਾਜ਼ਮੀ ਹੈ। ਭਾਰਤੀ ਰੁਪਇਆਂ ਵਿੱਚ, ਇਹ ਰਕਮ ਲਗਭਗ 17 ਲੱਖ ਰੁਪਏ ਬਣਦੀ ਹੈ। ਇਸ ਅੰਕੜੇ ਵਿੱਚ ਕਾਲਜ ਦੀ ਟਿਊਸ਼ਨ ਫੀਸ ਜਾਂ ਕੈਨੇਡਾ ਆਉਣ-ਜਾਣ ਦਾ ਸਫ਼ਰੀ ਖਰਚਾ ਸ਼ਾਮਲ ਨਹੀਂ ਹੈ; ਉਹ ਖਰਚੇ ਇਸ ਨਿਰਧਾਰਤ ਰਕਮ ਤੋਂ ਵੱਖਰੇ ਹਨ।
ਇਮੀਗ੍ਰੇਸ਼ਨ ਵਿਭਾਗ (IRCC) ਦੇ ਅਧਿਕਾਰਤ ਅੰਕੜਿਆਂ ਅਨੁਸਾਰ, ਜੇਕਰ ਪਰਿਵਾਰਕ ਮੈਂਬਰ ਵਿਦਿਆਰਥੀ ਦੇ ਨਾਲ ਕੈਨੇਡਾ ਜਾਂਦੇ ਹਨ ਤਾਂ ਲੋੜੀਂਦੀ ਫੰਡ ਸੀਮਾ ਵੱਧ ਜਾਂਦੀ ਹੈ। ਇਹ ਸੀਮਾ ਦੋ ਜੀਆਂ ਦੇ ਪਰਿਵਾਰ ਲਈ 29,185 CAD (20.10 ਲੱਖ), ਤਿੰਨ ਮੈਂਬਰਾਂ ਲਈ 35,880 CAD (24.74 ਲੱਖ) ਅਤੇ ਚਾਰ ਜੀਆਂ ਦੇ ਪਰਿਵਾਰ ਲਈ 43,562 CAD (30.04 ਲੱਖ) ਨਿਰਧਾਰਤ ਕੀਤੀ ਗਈ ਹੈ।
ਇਸ ਤੋਂ ਬਾਅਦ, ਸ਼ਾਮਲ ਕੀਤੇ ਜਾਣ ਵਾਲੇ ਹਰੇਕ ਵਾਧੂ ਪਰਿਵਾਰਕ ਮੈਂਬਰ ਲਈ, ਬੈਂਕ ਖਾਤੇ ਵਿੱਚ 6,450 ਕੈਨੇਡੀਅਨ ਡਾਲਰ (4.35 ਲੱਖ) ਦੀ ਵਾਧੂ ਰਕਮ ਦਿਖਾਉਣੀ ਲਾਜ਼ਮੀ ਹੋਵੇਗੀ। ਹਾਲਾਂਕਿ, ਇਹ ਨਿਯਮ ਕਿਊਬਿਕ ਸੂਬੇ ਨੂੰ ਛੱਡ ਕੇ ਪੂਰੇ ਕੈਨੇਡਾ ਵਿਚ ਲਾਗੂ ਹੋਣਗੇ, ਕਿਉਂਕਿ ਕਿਊਬਿਕ ਰਹਿਣ-ਸਹਿਣ ਦੇ ਖ਼ਰਚਿਆਂ ਬਾਰੇ ਆਪਣੇ ਖੁਦ ਦੇ ਨਿਯਮ ਤੈਅ ਕਰਦਾ ਹੈ।
ਅਧਿਕਾਰਤ IRCC ਵੈੱਬਸਾਈਟ ਦੇ ਅਨੁਸਾਰ, ਇਸ ਫ਼ੈਸਲੇ ਦਾ ਮੁੱਖ ਉਦੇਸ਼ ਕੈਨੇਡਾ ਵਿਚ ਰਹਿ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਿੱਤੀ ਤੰਗੀ ਅਤੇ ਮਹਿੰਗਾਈ ਦੇ ਪ੍ਰਭਾਵ ਤੋਂ ਬਚਾਉਣਾ ਹੈ। ਪਿਛਲੇ ਕੁਝ ਸਾਲਾਂ ਦੌਰਾਨ, ਕੈਨੇਡਾ ਦੇ ਵੱਡੇ ਸ਼ਹਿਰਾਂ ਵਿਚ ਕਿਰਾਏ, ਰਾਸ਼ਨ ਅਤੇ ਬੁਨਿਆਦੀ ਸਹੂਲਤਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਮੌਜੂਦਾ ਮਹਿੰਗਾਈ ਦਰਾਂ ਦੇ ਮੱਦੇਨਜ਼ਰ ਫੰਡਿੰਗ ਦਾ ਪੁਰਾਣਾ ਮਾਪਦੰਡ ਨਾਕਾਫ਼ੀ ਹੋ ਗਿਆ ਸੀ, ਜਿਸ ਕਾਰਨ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਪਾਰਟ-ਟਾਈਮ ਨੌਕਰੀਆਂ 'ਤੇ ਨਿਰਭਰ ਰਹਿਣਾ ਪੈ ਰਿਹਾ ਸੀ ਜਾਂ ਉਨ੍ਹਾਂ ਨੂੰ ਆਪਣੇ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਖਰਚਿਆਂ ਨੂੰ ਪੂਰਾ ਕਰਨ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।