ਪੰਜਾਬ ਦੀ ਸਿਆਸਤ ਵਿੱਚ ਹਲਚਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਾਰਟੀ ਤੋਂ ਤੋੜਿਆ ਨਾਤਾ

ਪੰਜਾਬ ਦੀ ਸਿਆਸਤ ਵਿੱਚ ਹਲਚਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਾਰਟੀ ਤੋਂ ਤੋੜਿਆ ਨਾਤਾ

ਅਕਾਲੀ ਦਲ ਦੇ ਪੁਨਰ ਸੁਰਜੀਤ ਨੂੰ ਵੱਡਾ ਝਟਕਾ ਲੱਗਾ ਹੈ। ਸਾਬਕਾ ਮੰਤਰੀ ਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਆਪ ਨੂੰ ਪਾਰਟੀ ਤੋਂ ਵੱਖ ਕਰ ਲਿਆ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮੇਰੇ ਵੱਲੋਂ ਪਿਛਲੇ ਦਿਨੀਂ ਪੰਥਕ ਏਕਤਾ ਲਈ ਇਕ ਮੰਚ 'ਤੇ ਇਕੱਠੇ ਹੋਣ ਦੀ ਕੀਤੀ ਅਪੀਲ 'ਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਨਤਕ ਤੌਰ ’ਤੇ ਦਿੱਤੇ ਪ੍ਰਤੀਕਰਮ ਤੋਂ ਮਹਿਸੂਸ ਹੋਇਆ ਹੈ ਕਿ ਉਨ੍ਹਾਂ ਨਾਲ ਸਾਡੀ ਸੋਚ, ਵਿਚਾਰ ਅਤੇ ਕਾਰਜਸ਼ੈਲੀ ਆਪਸੀ ਤੌਰ ’ਤੇ ਮੇਲ ਨਹੀਂ ਖਾਂਦੀ। ਇਸ ਲਈ ਮੇਰੇ ਵੱਲੋਂ ਆਪਣੇ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਮਨਾਂ ਤੋਂ ਬੇਲੋੜਾ ਭਾਰ ਉਤਾਰਦਿਆਂ ਪੁਨਰ ਸੁਰਜੀਤ ਅਕਾਲੀ ਦਲ ਜਥੇਬੰਦੀ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਥ, ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਉਨ੍ਹਾਂ ਦੀ ਵਚਨਬੱਧਤਾ ਪਹਿਲਾਂ ਵਾਂਗ ਹੀ ਕਾਇਮ ਰਹੇਗੀ।

ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਨੁਮਾਇੰਦਾ ਜਮਾਤ ਹੈ ਅਤੇ ਉਨ੍ਹਾਂ ਨੂੰ ਮਾਣ ਹੈ ਕਿ ਆਪਣੇ ਜਨਤਕ ਤੇ ਰਾਜਨੀਤਕ ਜੀਵਨ ਦੌਰਾਨ ਉਨ੍ਹਾਂ ਨੇ ਹਮੇਸ਼ਾ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਲੜੇ ਹਰ ਸੰਘਰਸ਼ ਵਿਚ ਅੱਗੇ ਹੋ ਕੇ ਭੂਮਿਕਾ ਨਿਭਾਈ ਹੈ ਪਰ ਮੌਜੂਦਾ ਹਾਲਾਤ ਵਿਚ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਲਈ ਕੋਈ ਸਾਰਥਕ ਭੂਮਿਕਾ ਨਾ ਨਿਭਾਅ ਸਕਣ ਦੀ ਉਨ੍ਹਾਂ ਦੇ ਮਨ ਵਿਚ ਵੱਡੀ ਪੀੜ ਹੈ। 

ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਦੇ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਫ਼ੈਸਲਿਆਂ ਦੇ ਬਾਵਜੂਦ ਸਿਆਸੀ ਸਰਗਰਮੀਆਂ ਦੀ ਘਾਟ ਕਾਰਨ ਸਾਡੀ ਭੂਮਿਕਾ ਸਿਰਫ਼ ਅਖਬਾਰਾਂ ਦੇ ਬਿਆਨਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਵਿਚ ਵੰਡੇ ਹੋਣ ਦਾ ਪੰਥ ਵਿਰੋਧੀ ਤਾਕਤਾਂ ਫਾਇਦਾ ਉਠਾ ਰਹੀਆਂ ਹਨ, ਇਸ ਲਈ ਸਮੂਹ ਅਕਾਲੀ ਅਤੇ ਪੰਥਕ ਧਿਰਾਂ ਦਾ ਇਕ ਮੰਚ ’ਤੇ ਇਕੱਠੇ ਹੋਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੱਖੀ ਤਾਕਤਾਂ ਦੀ ਏਕਤਾ ਅਤੇ ਸਾਂਝੀ ਆਵਾਜ਼ ਹੀ ਸੂਬੇ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ।