- Updated: November 04, 2026 11:52 AM
ਜ਼ਿਲੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ 4 ਕਿਲੋ ਹੈਰੋਇਨ, ਪਿਸਤੌਲ, ਮੈਗਜ਼ੀਨ ਅਤੇ ਜ਼ਿੰਦਾ ਰੌਂਦ ਬਰਾਮਦ ਕਰਨ ਵਿਚ ਥਾਣਾ ਖਾਲੜਾ ਦੀ ਪੁਲਸ ਨੇ ਸਫਲਤਾ ਪ੍ਰਾਪਤ ਕੀਤੀ ਹੈ। ਜਿਸ ਦੇ ਸਬੰਧ ਵਿਚ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਸਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਖਾਲੜਾ ਦੇ ਮੁਖੀ ਸਬ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ ਸੁਰਿੰਦਰ ਲਾਂਬਾ ਵੱਲੋਂ ਮਿਲੇ ਹੁਕਮਾਂ ਤਹਿਤ ਸਰਹੱਦੀ ਇਲਾਕੇ ਵਿਚ ਪੁਲਸ ਵੱਲੋਂ ਗਸ਼ਤ ਨੂੰ ਪੂਰੀ ਤੇਜ਼ ਕਰ ਦਿੱਤਾ ਗਿਆ ਹੈ। ਜਿਸ ਦੇ ਚੱਲਦਿਆਂ ਸ਼ੱਕੀ ਵਿਅਕਤੀਆਂ ਉਪਰ ਵੀ ਪੁਲਸ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਮੁਗਲਚੱਕ ਵਿਖੇ ਖੇਤਾਂ ਵਿਚ ਡਰੋਨ ਦੀ ਮੂਵਮੈਂਟ ਹੋਈ ਹੈ, ਜਿਸ ਨੂੰ ਲੈ ਕੇ ਜਦੋਂ ਪੁਲਸ ਪਾਰਟੀ ਮੌਕੇ ’ਤੇ ਪੁੱਜੀ ਤਾਂ ਇਕ ਪੈਕਟ ਬਰਾਮਦ ਕੀਤਾ ਗਿਆ, ਜਿਸ ਦੀ ਤਲਾਸ਼ੀ ਲੈਣ ਦੌਰਾਨ ਉਸ ਵਿਚੋਂ ਇਕ 4 ਕਿਲੋ 18 ਗ੍ਰਾਮ ਹੈਰੋਇਨ, ਇਕ ਪਿਸਤੌਲ ਸਮੇਤ ਮੈਗਜ਼ੀਨ, 50 ਰੌਂਦ 30 ਬੋਰ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।