- Updated: November 04, 2026 10:48 AM
ਕੈਨੇਡਾ ਦੇ ਟੋਰਾਂਟੋ ਵਿੱਚ, ਹੈਲੋਵੀਨ ਦੀ ਰਾਤ ਨੂੰ ਇੱਕ ਰਾਈਡ-ਸ਼ੇਅਰ ਗੱਡੀ ਵਿੱਚ ਇੱਕ ਮਹਿਲਾ ਯਾਤਰੀ ਨਾਲ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਐ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਪੰਜਾਬੀ ਡਰਾਈਵਰ ਸਾਹਿਬ ਬਰਾੜ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਨੇ ਸ਼ਾਇਦ ਹੋਰ ਔਰਤਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਹੋਵੇਗਾ।
ਇਹ ਘਟਨਾ ਸ਼ਨੀਵਾਰ, 31 ਅਕਤੂਬਰ ਦੀ ਰਾਤ ਨੂੰ, ਟੋਰਾਂਟੋ ਦੇ ਸ਼ਹਿਰੀ ਕੇਂਦਰ (ਡਾਊਨਟਾਊਨ) ਦੇ ਇੱਕ ਭੀੜ-ਭਾੜ ਵਾਲੇ ਇਲਾਕੇ ਵਿੱਚ ਰਾਤ ਕਰੀਬ 9:50 ਵਜੇ ਵਾਪਰੀ। ਹੈਲੋਵੀਨ ਦੀ ਰਾਤ ਨੂੰ, ਪੀੜਤ ਔਰਤ ਨੇ ਆਪਣੀ ਯਾਤਰਾ ਲਈ ਇੱਕ 'ਰਾਈਡਸ਼ੇਅਰ'ਗੱਡੀ ਲਈ। ਉਸ ਨੇ ਯੋਂਗ ਸਟ੍ਰੀਟ ਅਤੇ ਵੈਲਸਲੇ ਸਟ੍ਰੀਟ ਈਸਟ ਦੇ ਚੌਰਾਹੇ ਨੇੜੇ ਗੱਡੀ ਵਿੱਚ ਸਫਰ ਕੀਤਾ।
ਪੀੜਤ ਔਰਤ ਗੱਡੀ ਦੀ ਅਗਲੀ ਸੀਟ 'ਤੇ ਬੈਠੀ ਹੋਈ ਸੀ। ਦੋਸ਼ ਹੈ ਕਿ ਸਫ਼ਰ ਦੌਰਾਨ ਡਰਾਈਵਰ ਨੇ ਅਣਉਚਿਤ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ। ਜਦੋਂ ਗੱਡੀ ਆਪਣੀ ਮੰਜ਼ਿਲ 'ਤੇ ਪਹੁੰਚੀ, ਤਾਂ ਪੀੜਤ ਔਰਤ ਨੇ ਤੁਰੰਤ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਪਰ, ਮੁਲਜ਼ਮ ਡਰਾਈਵਰ ਦੇ ਮਨ ਵਿੱਚ ਬਦਨੀਤੀ ਆ ਗਈ ਸੀ; ਉਸ ਨੇ ਗੱਡੀ ਦੇ ਦਰਵਾਜ਼ੇ ਲਾਕ ਕਰ ਦਿੱਤੇ ਅਤੇ ਔਰਤ ਨੂੰ ਬਾਹਰ ਨਹੀਂ ਨਿਕਲਣ ਦਿੱਤਾ।
ਡਰਾਈਵਰ ਨੇ ਔਰਤ ਨੂੰ ਜ਼ਬਰਦਸਤੀ ਕਾਰ ਦੇ ਅੰਦਰ ਬੰਦੀ ਬਣਾ ਲਿਆ ਅਤੇ ਉਸ ਨਾਲ ਦੁਬਾਰਾ ਜਿਨਸੀ ਸ਼ੋਸ਼ਣ ਕੀਤਾ। ਔਰਤ ਨੇ ਆਪਣੇ ਆਪ ਨੂੰ ਬਚਾਉਣ ਲਈ ਬਹੁਤ ਸੰਘਰਸ਼ ਕੀਤਾ। ਬਹੁਤ ਜੱਦੋ-ਜਹਿਦ ਤੋਂ ਬਾਅਦ, ਪੀੜਤ ਔਰਤ ਕਾਰ ਦਾ ਦਰਵਾਜ਼ਾ ਖੋਲ੍ਹਣ ਅਤੇ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਈ। ਹਾਲਾਂਕਿ, ਘਬਰਾਹਟ ਅਤੇ ਕਾਹਲੀ ਵਿੱਚ ਉਹ ਆਪਣਾ ਪਰਸ ਅਤੇ ਹੋਰ ਨਿੱਜੀ ਸਮਾਨ ਕਾਰ ਵਿੱਚ ਹੀ ਛੱਡ ਗਈ।
ਇਸ ਤੋਂ ਬਾਅਦ ਵੀ ਮੁਲਜ਼ਮ ਦੀ ਦਰਿੰਦਗੀ ਖ਼ਤਮ ਨਹੀਂ ਹੋਈ। ਉਹ ਗੱਡੀ ਵਿੱਚੋਂ ਬਾਹਰ ਨਿਕਲਿਆ, ਸੜਕ 'ਤੇ ਭੱਜ ਰਹੀ ਪੀੜਤਾ ਨੂੰ ਫੜ ਲਿਆ ਅਤੇ ਉਸ ਨਾਲ ਇੱਕ ਵਾਰ ਫਿਰ ਜਿਨਸੀ ਸ਼ੋਸ਼ਣ ਕੀਤਾ। ਪੀੜਤ ਦੀ ਸ਼ਿਕਾਇਤ ਮਿਲਦਿਆਂ ਹੀ, ਟੋਰਾਂਟੋ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ। ਤੁਰੰਤ ਕਾਰਵਾਈ ਕਰਦਿਆਂ, ਪੁਲਿਸ ਨੇ ਮੁਲਜ਼ਮ ਡਰਾਈਵਰ ਦੀ ਪਛਾਣ ਬਰੈਂਪਟਨ ਦੇ ਰਹਿਣ ਵਾਲੇ 32 ਸਾਲਾ ਸਾਹਿਬ ਬਰਾੜ ਵਜੋਂ ਕੀਤੀ।
ਮੁਲਜ਼ਮ ਸਾਹਿਬ ਬਰਾੜ, ਮੂਲ ਰੂਪ ਵਿੱਚ ਪੰਜਾਬ ਦਾ ਰਹਿਣ ਵਾਲਾ ਹੈ। ਟੋਰਾਂਟੋ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ 'ਤੇ ਜਿਨਸੀ ਹਮਲੇ ਦੇ ਦੋ ਮਾਮਲਿਆਂ ਅਤੇ ਜ਼ਬਰਦਸਤੀ ਬੰਦੀ ਬਣਾ ਕੇ ਰੱਖਣ ਦੇ ਇੱਕ ਮਾਮਲੇ ਤਹਿਤ ਦੋਸ਼ ਲਗਾਏ ਹਨ। ਗ੍ਰਿਫ਼ਤਾਰੀ ਤੋਂ ਬਾਅਦ, ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਟੋਰਾਂਟੋ ਰੀਜਨਲ ਬੇਲ ਸੈਂਟਰ ਭੇਜ ਦਿੱਤਾ ਗਿਆ ਹੈ।
ਹਾਲਾਂਕਿ, ਕੈਨੇਡੀਅਨ ਕਾਨੂੰਨ ਦੇ ਤਹਿਤ, ਇਹ ਦੋਸ਼ ਅਜੇ ਅਦਾਲਤ ਵਿੱਚ ਸਾਬਤ ਹੋਣੇ ਬਾਕੀ ਹਨ। ਟੋਰਾਂਟੋ ਪੁਲਿਸ ਦਾ ਮੰਨਣਾ ਹੈ ਕਿ ਇਹ ਮੁਲਜ਼ਮ ਦਾ ਪਹਿਲਾ ਅਪਰਾਧ ਨਹੀਂ ਹੋ ਸਕਦਾ। ਉਨ੍ਹਾਂ ਨੂੰ ਪੱਕਾ ਸ਼ੱਕ ਹੈ ਕਿ ਉਸ ਨੇ ਪਹਿਲਾਂ ਵੀ ਇਸੇ ਤਰ੍ਹਾਂ ਹੋਰ ਮਹਿਲਾ ਯਾਤਰੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੋ ਸਕਦਾ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਤੇ ਹੋਰ ਸੰਭਾਵਿਤ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੇ ਉਦੇਸ਼ ਨਾਲ, ਟੋਰਾਂਟੋ ਪੁਲਿਸ ਨੇ ਸਾਹਿਬ ਬਰਾੜ ਦੀ ਇੱਕ ਤਸਵੀਰ ਜਾਰੀ ਕੀਤੀ ਹੈ। ਪੁਲਿਸ ਨੇ ਅਜਿਹੀਆਂ ਹੋਰ ਔਰਤਾਂ ਨੂੰ, ਜੋ ਸ਼ਾਇਦ ਪੀੜਤ ਰਹੀਆਂ ਹੋਣ, ਬਿਨਾਂ ਕਿਸੇ ਡਰ ਦੇ ਸਾਹਮਣੇ ਆਉਣ ਲਈ ਉਤਸ਼ਾਹਿਤ ਕੀਤਾ ਹੈ।
ਟੋਰਾਂਟੋ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਸ਼ੱਕੀ ਵਿਅਕਤੀ, ਉਸ ਦੀਆਂ ਗਤੀਵਿਧੀਆਂ ਜਾਂ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੈ, ਤਾਂ ਕਿਰਪਾ ਕਰਕੇ ਤੁਰੰਤ ਪੁਲਿਸ ਹੈਲਪਲਾਈਨ 416-808-2200 'ਤੇ ਸੰਪਰਕ ਕਰੋ, ਜਾਂ 'ਕ੍ਰਾਈਮ ਸਟੌਪਰਸ' ਰਾਹੀਂ ਆਪਣੀ ਪਛਾਣ ਗੁਪਤ ਰੱਖਦੇ ਹੋਏ ਜਾਣਕਾਰੀ ਦਿਓ।