- Updated: September 16, 2026 05:17 PM
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਅਦਾਲਤ ਵਿਚ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਇਹ ਮਾਮਲਾ ਆਪਣੇ ਉੱਪਰ ਝੂਠੇ ਦੋਸ਼ ਲਗਾਉਣ ਦੇ ਮਾਮਲੇ ਤਹਿਤ ਦਰਜ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਡਾ. ਗੁਰਪ੍ਰੀਤ ਕੌਰ ਨੇ ਚੰਡੀਗੜ੍ਹ ਅਦਾਲਤ ਵਿਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 210 ਅਤੇ 222 ਤਹਿਤ ਸ਼ਿਕਾਇਤ ਦਰਜ ਕਰਵਾਈ, ਜੋ ਕਿ ਭਾਰਤੀ ਨਿਆਇਕ ਸੰਹਿਤਾ, 2023 ਦੀ ਧਾਰਾ 356 ਅਧੀਨ ਆਉਂਦੇ ਅਪਰਾਧ ਨਾਲ ਸਬੰਧਤ ਹੈ। ਆਪਣੀ ਸ਼ਿਕਾਇਤ ਵਿਚ ਉਨ੍ਹਾਂ ਦੱਸਿਆ ਕਿ ਉਹ ਇਕ ਯੋਗ ਮੈਡੀਕਲ ਪੇਸ਼ੇਵਰ ਹਨ ਅਤੇ ਸਮਾਜ ਵਿਚ ਉਨ੍ਹਾਂ ਦਾ ਇਕ ਚੰਗਾ ਅਕਸ/ਰੁਤਬਾ ਹੈ। ਉਨ੍ਹਾਂ ਅਨੁਸਾਰ ਮੁਲਜ਼ਮਾਂ ਵੱਲੋਂ ਲਗਾਏ ਗਏ ਬੇਬੁਨਿਆਦ ਦੋਸ਼ਾਂ ਨਾਲ ਉਨ੍ਹਾਂ ਦੇ ਚਰਿੱਤਰ ਅਤੇ ਸ਼ੋਹਰਤ ਨੂੰ ਨਾ ਸਿਰਫ਼ ਸਮਾਜਿਕ ਤੌਰ ’ਤੇ ਸਗੋਂ ਵਿਅਕਤੀਗਤ ਤੌਰ ’ਤੇ ਵੀ ਅਜਿਹਾ ਵੱਡਾ ਘਾਟਾ ਪਹੁੰਚਿਆ ਹੈ, ਜਿਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਨੇ ਉਨ੍ਹਾਂ ਵਿਰੁੱਧ ਝੂਠੀ ਮੁਹਿੰਮ ਛੇੜੀ ਹੈ। 1 ਸਤੰਬਰ, 2026 ਨੂੰ ਚੰਡੀਗੜ੍ਹ ਵਿਚ ਕੀਤੀ ਇਕ ਪ੍ਰੈੱਸ ਕਾਨਫਰੰਸ ਦੌਰਾਨ ਮਜੀਠੀਆ ਨੇ ਬੇਬੁਨਿਆਦ ਅਤੇ ਝੂਠੇ ਬਿਆਨ ਦਿੰਦਿਆਂ ਦੋਸ਼ ਲਾਇਆ ਸੀ ਕਿ ਡਾ. ਗੁਰਪ੍ਰੀਤ ਕੌਰ ਨੇ ਆਪਣੇ ਇਕ ਰਿਸ਼ਤੇਦਾਰ ਰਾਹੀਂ ਜਬਰ-ਜ਼ਨਾਹ ਵਰਗੇ ਗੰਭੀਰ ਅਪਰਾਧ ਦੇ ਮੁਲਜ਼ਮ ਨੂੰ ਬਚਾਉਣ ਲਈ ਸਰਕਾਰੀ ਤੰਤਰ ਨੂੰ ਪ੍ਰਭਾਵਿਤ ਕਰਨ ਬਦਲੇ ਪੈਸਿਆਂ ਦੀ ਮੰਗ ਕੀਤੀ ਸੀ। ਇਸ ਪ੍ਰੈੱਸ ਕਾਨਫਰੰਸ ਦੌਰਾਨ ਝੂਠੀਆਂ ਆਡੀਓ ਰਿਕਾਰਡਿੰਗਾਂ, ਤਸਵੀਰਾਂ ਅਤੇ ਸੀ.ਸੀ.ਟੀ.ਵੀ. ਫੁਟੇਜ ਦਿਖਾ ਕੇ ਇਹ ਦਾਅਵਾ ਕੀਤਾ ਗਿਆ ਸੀ ਕਿ ਸ਼ਿਕਾਇਤਕਰਤਾ ਦੇ ਨਜ਼ਦੀਕੀ ਪੈਸਿਆਂ ਦੇ ਲੈਣ-ਦੇਣ ਵਿਚ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਸਾਰੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਖਾਸ ਤੌਰ ’ਤੇ ਨਿਸ਼ਾਨਾ ਬਣਾਇਆ ਹੈ। ਝੂਠੇ ਦੋਸ਼ਾਂ ਨਾਲ ਉਨ੍ਹਾਂ ਦੇ ਅਕਸ, ਸ਼ਾਨ ਅਤੇ ਨਿੱਜੀ ਪਛਾਣ ਨੂੰ ਡੂੰਘੀ ਠੇਸ ਪੁੱਜੀ ਹੈ। ਉਨ੍ਹਾਂ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਮੁਲਜ਼ਮਾਂ ਨੂੰ ਅਪਰਾਧਿਕ ਮਾਣਹਾਨੀ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਤਲਬ ਕੀਤਾ ਜਾਵੇ ਅਤੇ ਬੀ.ਐੱਨ.ਐੱਸ. ਦੀ ਧਾਰਾ 356 ਤਹਿਤ ਸਜ਼ਾ ਦਿੱਤੀ ਜਾਵੇ।