- Updated: May 17, 2025 09:58 AM
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਭਿਆਨਕ ਅੱਤਵਾਦੀ ਹਮਲੇ 'ਚ 26 ਬੇਕਸੂਰ ਲੋਕਾਂ ਦੀ ਜਾਨ ਚਲੀ ਗਈ ਸੀ, ਜਿਸ ਦਾ ਬਦਲਾ ਲੈਣ ਲਈ ਭਾਰਤ ਨੇ ਅੱਤਵਾਦ ਖ਼ਿਲਾਫ਼ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ। ਇਸ ਆਪਰੇਸ਼ਨ ਤਹਿਤ ਭਾਰਤ ਨੇ 7 ਮਈ ਨੂੰ ਪਾਕਿਸਤਾਨ ਸਥਿਤ ਕਈ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਵਰਗੇ ਹਾਲਾਤ ਬਣ ਗਏ ਸਨ ਤੇ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲਿਆਂ ਮਗਰੋਂ ਭਾਰਤ ਨੇ ਵੀ ਮੂੰਹਤੋੜ ਜਵਾਬ ਦਿੱਤਾ ਸੀ।
ਹੁਣ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਹੋ ਗਈ ਹੈ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਪਹਿਲੀ ਵਾਰ ਸਵੀਕਾਰ ਕੀਤਾ ਹੈ ਕਿ ਭਾਰਤ ਨੇ 10 ਮਈ 2025 ਨੂੰ ਰਾਵਲਪਿੰਡੀ ਦੇ ਨੂਰ ਖਾਨ ਏਅਰਬੇਸ ਅਤੇ ਹੋਰ ਸੈਨਿਕ ਠਿਕਾਣਿਆਂ 'ਤੇ ਮਿਜ਼ਾਈਲ ਹਮਲੇ ਕੀਤੇ ਸਨ। ਇਹ ਹਮਲੇ ਭਾਰਤ ਦੇ "ਆਪਰੇਸ਼ਨ ਸਿੰਦੂਰ" ਦਾ ਹਿੱਸਾ ਸਨ, ਜੋ ਕਿ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਆਤੰਕੀ ਹਮਲੇ ਦੇ ਜਵਾਬ 'ਚ ਸ਼ੁਰੂ ਕੀਤਾ ਗਿਆ ਹੈ।
ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਦੱਸਿਆ ਕਿ ਉਨ੍ਹਾਂ ਨੂੰ 10 ਮਈ ਦੀ ਰਾਤ 2:30 ਵਜੇ ਦੇ ਕਰੀਬ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਆਸੀਮ ਮੁਨੀਰ ਦਾ ਫ਼ੋਨ ਆਇਆ ਸੀ, ਜਿਸ 'ਚ ਉਨ੍ਹਾਂ ਨੂੰ ਨੂਰ ਖਾਨ ਏਅਰਬੇਸ 'ਤੇ ਭਾਰਤੀ ਮਿਜ਼ਾਈਲ ਹਮਲੇ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਡੀ ਏਅਰ ਫੋਰਸ ਨੇ ਘਰੇਲੂ ਤਕਨੀਕ ਦੀ ਵਰਤੋਂ ਕਰ ਕੇ ਆਪਣੇ ਦੇਸ਼ ਨੂੰ ਬਚਾਇਆ, ਜਦਕਿ ਭਾਰਤ ਨੇ ਐਡਵਾਂਸਡ ਹਥਿਆਰਾਂ ਦੀ ਵਰਤੋਂ ਕਰ ਕੇ ਸਾਡੇ ਠਿਕਾਣਿਆਂ ਨੂੰ ਤਬਾਹ ਕੀਤਾ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਪਾਕਿਸਤਾਨ ਨੇ ਭਾਰਤ ਵੱਲੋਂ ਕੀਤੇ ਗਏ ਹਮਲਿਆਂ ਨੂੰ ਸਰਕਾਰੀ ਤੌਰ 'ਤੇ ਸਵੀਕਾਰ ਕੀਤਾ ਹੈ, ਜਦਕਿ ਪਹਿਲਾਂ ਪਾਕਿਸਤਾਨ ਅਕਸਰ ਇਨ੍ਹਾਂ ਹਮਲਿਆਂ ਤੋਂ ਮੁਨਕਰ ਹੀ ਰਿਹਾ ਹੈ।
ਇਸ ਹਮਲੇ ਤੋਂ ਬਾਅਦ ਪਾਕਿਸਤਾਨ ਨੇ "ਆਪਰੇਸ਼ਨ ਬੁਨਿਆਨ ਉਲ ਮਰਸੂਸ" ਦੇ ਤਹਿਤ ਭਾਰਤ 'ਤੇ ਜਵਾਬੀ ਹਮਲੇ ਕੀਤੇ, ਜਿਸ 'ਚ ਡਰੋਨ, ਮਿਜ਼ਾਈਲ ਅਤੇ ਜੰਗੀ ਜਹਾਜ਼ਾਂ ਦੀ ਵਰਤੋਂ ਕੀਤੀ ਗਈ। ਹਾਲਾਂਕਿ ਭਾਰਤ ਦੇ ਮਜ਼ਬੂਤ ਏਅਰ ਡਿਫੈਂਸ ਕਾਰਨ ਪਾਕਿਸਤਾਨ ਦਾ ਕੋਈ ਵੀ ਹਮਲਾ ਕਾਮਯਾਬ ਨਹੀਂ ਹੋ ਸਕਿਆ ਤੇ ਭਾਰਤੀ ਕਾਰਵਾਈ ਕਾਰਨ ਪਾਕਿਸਤਾਨ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਹੈ।