ਨਵਾਂ ਝੰਡਾ ਮਿਲਿਆ ਭਾਰਤੀ ਹਵਾਈ ਫ਼ੌਜ ਨੂੰ , ਏਅਰ ਚੀਫ਼ ਮਾਰਸ਼ਲ ਚੌਧਰੀ ਨੇ ਕੀਤਾ ਉਦਘਾਟਨ। 

ਨਵਾਂ ਝੰਡਾ ਮਿਲਿਆ ਭਾਰਤੀ ਹਵਾਈ ਫ਼ੌਜ ਨੂੰ , ਏਅਰ ਚੀਫ਼ ਮਾਰਸ਼ਲ ਚੌਧਰੀ ਨੇ ਕੀਤਾ ਉਦਘਾਟਨ। 

ਏਅਰ ਚੀਫ ਮਾਰਸ਼ਲ ਵੀ. ਆਰ. ਚੌਧਰੀ ਨੇ ਐਤਵਾਰ ਨੂੰ ਪ੍ਰਯਾਗਰਾਜ 'ਚ ਸਾਲਾਨਾ ਏਅਰ ਫੋਰਸ ਡੇਅ ਪਰੇਡ ਦੌਰਾਨ ਭਾਰਤੀ ਹਵਾਈ ਫੌਜ ਦੇ ਨਵੇਂ ਝੰਡੇ ਦਾ ਉਦਘਾਟਨ ਕੀਤਾ। ਹਵਾਈ ਫ਼ੌਜ ਦਾ ਇਹ ਕਦਮ ਜਲ ਸੈਨਾ ਵਲੋਂ ਆਪਣੇ ਬਸਤੀਵਾਦੀ ਅਤੀਤ ਨੂੰ ਤਿਆਗ ਕੇ ਆਪਣਾ ਝੰਡਾ ਬਦਲਣ ਦੇ ਇਕ ਸਾਲ ਤੋਂ ਵੱਧ ਸਮੇਂ ਬਾਅਦ ਚੁੱਕਿਆ ਗਿਆ ਹੈ। ਨਵਾਂ ਝੰਡਾ 7 ਦਹਾਕੇ ਪਹਿਲਾਂ ਅਪਣਾਏ ਗਏ ਪੁਰਾਣੇ ਝੰਡੇ ਦੀ ਥਾਂ ਲਵੇਗਾ। ਰੱਖਿਆ ਵਿਭਾਗ ਦੇ ਲੋਕ ਸੰਪਰਕ ਅਧਿਕਾਰੀ ਗਰੁੱਪ ਕੈਪਟਨ ਸਮੀਰ ਗੰਗਾਖੇਡਕਰ ਨੇ ਦੱਸਿਆ ਕਿ ਹਵਾਈ ਸੈਨਾ ਦੇ ਮੁਖੀ ਵੀ. ਆਰ. ਚੌਧਰੀ ਨੇ ਐਤਵਾਰ 8 ਅਕਤੂਬਰ ਨੂੰ ਹਵਾਈ ਫ਼ੌਜ ਦਿਵਸ ਮੌਕੇ 'ਤੇ ਪਰੇਡ ਦੌਰਾਨ ਹਵਾਈ ਫ਼ੌਜ ਦੇ ਨਵੇਂ ਝੰਡੇ ਦਾ ਉਦਘਾਟਨ ਕੀਤਾ।

ਇਸ ਸਾਲ ਹਵਾਈ ਫ਼ੌਜ ਆਪਣੀ ਸਥਾਪਨਾ ਦਾ 91ਵਾਂ ਸਾਲ ਪੂਰਾ ਕਰ ਰਹੀ ਹੈ, ਜਿਸ ਦੀ ਯਾਦ 'ਚ ਸੰਗਮ ਖੇਤਰ ਵਿਚ ਇਕ ਸ਼ਾਨਦਾਰ ਏਅਰ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ 'ਚ ਚਿਨੂਕ, ਚੇਤਕ, ਜੈਗੁਆਰ, ਅਪਾਚੇ ਅਤੇ ਰਾਫੇਲ ਸਮੇਤ ਕਈ ਜਹਾਜ਼ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ। ਹਵਾਈ ਫ਼ੌਜ ਨੇ ਕਿਹਾ ਕਿ 8 ਅਕਤੂਬਰ ਨੂੰ ਭਾਰਤੀ ਹਵਾਈ ਫ਼ੌਜ ਦੇ ਇਤਿਹਸ 'ਚ ਇਕ ਮਹੱਤਵਪੂਰਨ ਦਿਨ ਵਜੋਂ ਦਰਜ ਕੀਤਾ ਜਾਵੇਗਾ। ਇਸ ਇਤਿਹਾਸਕ ਦਿਨ 'ਤੇ ਹਵਾਈ ਫ਼ੌਜ ਦੇ ਮੁਖੀ ਨੇ ਹਵਾਈ ਫ਼ੌਜ ਦੇ ਨਵੇਂ ਝੰਡੇ ਦੀ ਘੁੰਡ ਚੁਕਾਈ ਕੀਤੀ। 

ਨਵੇਂ ਝੰਡੇ ਉੱਪਰ ਸੱਜੇ ਕੋਨੇ 'ਚ ਭਾਰਤੀ ਹਵਾਈ ਫ਼ੌਜ ਦਾ ਚਿੰਨ੍ਹ ਹੋਵੇਗਾ। ਭਾਰਤੀ ਹਵਾਈ ਫ਼ੌਜ ਅਧਿਕਾਰਤ ਤੌਰ 'ਤੇ 8 ਅਕਤੂਬਰ 1932 ਨੂੰ ਸਥਾਪਨਾ ਕੀਤੀ ਗਈ ਸੀ। ਇਕ ਬਿਆਨ ਮੁਤਾਬਕ ਹੁਣ ਝੰਡੇ ਦੇ ਉੱਪਰ ਸੱਜੇ ਕੋਨੇ 'ਚ ਫਲਾਈ ਸਾਈਡ 'ਤੇ ਹਵਾਈ ਫ਼ੌਜ ਦੇ ਸਿਰੇ 'ਤੇ ਅਸ਼ੋਕ ਚਿੰਨ੍ਹ ਹੈ ਅਤੇ ਉਸ ਦੇ ਹੇਠਾਂ ਦੇਵਨਾਗਰੀ ਵਿਚ 'ਸੱਤਯਮੇਵ ਜਯਤੇ' ਸ਼ਬਦ ਲਿਖਿਆ ਹੋਇਆ ਹੈ।