- Updated: August 25, 2023 05:05 PM
ਲੋਕ ਸਭਾ ਚੋਣਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਰਲ ਕੇ ਲੜ ਰਹੇ ਹਨ। ਇਹ ਭਾਂਵੇ ਭਾਜਪਾ ਨੂੰ ਵੀ ਨਾਲ ਰਲਾ ਲੈਣ ਫਿਰ ਵੀ ਪੰਜਾਬ ਵਿੱਚ ਅਕਾਲੀ ਦਲ ਦਾ ਹੀ ਝੰਡਾ ਝੁੱਲੇਗਾ। ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਇਹ ਸ਼ਬਦ ਕਹੇ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਤੁਸੀਂ ਤਕੜੇ ਹੋ ਕੇ ਪੰਥ ਦੇ ਸਿਰ 'ਤੇ ਹੱਥ ਰੱਖ ਦਿਓ ਸਾਰਿਆਂ ਨੂੰ ਹਰਾ ਦਵਾਂਗੇ। ਜੇ ਸਹੀ ਮਾਅਨਿਆਂ 'ਚ ਪੰਜਾਬ ਤੇ ਕੌਮ ਨੂੰ ਬਚਾਉਣਾ ਹੈ ਤਾਂ ਤੁਹਾਡੇ ਕੋਲ ਇੱਕੋ ਇੱਕ ਦਲ ਸ਼੍ਰੋਮਣੀ ਅਕਾਲੀ ਦਲ ਹੈ।
ਭਾਜਪਾ 'ਤੇ ਤੰਜ ਕੱਸਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਕਹਿੰਦੇ ਹਨ ਵੱਡਾ ਭਰਾ ਬਣਨਾ ਹੈ। ਜਿਹੜਾ ਪੰਜਾਬ ਆਉਂਦਾ ਉਹ ਕਹਿੰਦੇ ਕਿ ਠੱਗੀ ਮਾਰ ਕੇ ਪੰਜਾਬ ਵਿੱਚ ਜਿੱਤ ਜਾਵਾਂਗੇ। ਠੱਗੀ ਇਕ ਵਾਰ ਵੱਜ ਸਕਦੀ ਹੈ ਪਰ ਵਾਰ-ਵਾਰ ਨਹੀਂ।ਲੋਕਾਂ ਦਾ ਹੁਣ ਇਸ ਪਾਰਟੀ ਤੋਂ ਵਿਸ਼ਵਾਸ ਉੱਠ ਗਿਆ ਹੈ। ਇਸ ਦੀ ਅਸਲੀਅਤ ਸਾਰਿਆਂ ਨੂੰ ਪਤਾ ਲੱਗ ਗਈ ਹੈ। ਸੁਖਬੀਰ ਬਾਦਲ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਭਾਜਪਾ-ਅਕਾਲੀ ਦਲ ਗਠਜੋੜ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਸੁਖਬੀਰ ਬਾਦਲ ਦੇ ਇਸ ਬਿਆਨ ਤੋਂ ਬਾਅਦ ਗਠਜੋੜ ਦੀਆਂ ਚਰਚਾਵਾਂ 'ਤੇ ਫ਼ਿਲਹਾਲ ਵਿਰਾਮ ਲੱਗ ਗਿਆ ਹੈ।
ਗੌਰਤਲਬ ਹੈ ਕਿ ਅਕਾਲੀ ਦਲ ਨੇ ਮੋਦੀ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਹੈ। ਇਸ ਸਮੇਂ ਪੰਜਾਬ ਵਿੱਚ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਗਠਜੋੜ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੀਤੇ ਦਿਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਅੰਮ੍ਰਿਤਸਰ ਦੇ ਬਿਆਸ 'ਚ ਦਰਜ ਐੱਫ਼. ਆਈ. ਆਰ. ਨੂੰ ਰੱਦ ਕਰ ਦਿੱਤਾ ਹੈ। ਇਹ ਐੱਫ਼. ਆਈ. ਆਰ. ਕੋਰੋਨਾ ਦੇ ਸਮੇਂ ਦੌਰਾਨ 1 ਜੁਲਾਈ 2021 ਨੂੰ ਦਰਜ ਕੀਤੀ ਗਈ ਸੀ। ਸੁਖਬੀਰ ਬਾਦਲ 'ਤੇ ਕੋਰੋਨਾ ਕਾਲ 'ਚ ਮਾਈਨਿੰਗ ਸਾਈਟ 'ਤੇ ਭੀੜ ਇਕੱਠੀ ਕਰਨ ਦਾ ਇਲਜ਼ਾਮ ਸੀ। ਹਾਈਕੋਰਟ ਨੇ ਬਿਆਸ 'ਚ ਦਰਜ FIR ਨੂੰ ਰੱਦ ਕਰ ਦਿੱਤਾ ਸੀ।