ਉੱਤਰ ਪ੍ਰਦੇਸ਼ ''ਚ ਪੰਜਾਬ ਦੇ 3 ਸਿੱਖ ਨੌਜਵਾਨਾਂ ਦੀ ਮੌਤ, ਫਿਰੋਜ਼ਪੁਰ ਤੇ ਪਟਿਆਲਾ ਦੇ ਰਹਿਣ ਵਾਲੇ ਸਨ ਮ੍ਰਿਤਕ

ਉੱਤਰ ਪ੍ਰਦੇਸ਼ ''ਚ ਪੰਜਾਬ ਦੇ 3 ਸਿੱਖ ਨੌਜਵਾਨਾਂ ਦੀ ਮੌਤ, ਫਿਰੋਜ਼ਪੁਰ ਤੇ ਪਟਿਆਲਾ ਦੇ ਰਹਿਣ ਵਾਲੇ ਸਨ ਮ੍ਰਿਤਕ

ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਨਜੀਬਾਬਾਦ ਕੋਤਵਾਲੀ ਖੇਤਰ 'ਚ ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਸੜਕ ਕਿਨਾਰੇ ਬੈਠ ਕੇ ਖਾਣਾ ਖਾ ਰਹੇ ਤਿੰਨ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਧੀਕ ਪੁਲਸ ਸੁਪਰਡੈਂਟ (ਨਗਰ) ਕ੍ਰਿਸ਼ਨ ਗੋਪਾਲ ਸਿੰਘ ਨੇ ਦੱਸਿਆ ਕਿ ਪਿਕਅੱਪ ਵਾਹਨ 'ਤੇ ਪੰਜਾਬ ਦੇ ਤਿੰਨ ਨੌਜਵਾਨ ਉੱਤਰਾਖੰਡ ਦੇ ਰੁਦਰਪੁਰ ਤੋਂ ਘੋੜੇ ਲੈ ਕੇ ਪੰਜਾਬ ਆ ਰਹੇ ਸਨ ਅਤੇ ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਲਗਭਗ 12.30 ਵਜੇ ਨਜੀਬਾਬਾਦ ਕੋਤਵਾਲੀ ਖੇਤਰ ਦੇ ਬਸ਼ੀਰਪੁਰ ਨਹਰ ਪੱਟੜੀ ਮਾਰਗ 'ਤੇ ਉਹ ਖਾਣਾ ਖਾਣ ਲਈ ਰੁਕੇ।

ਸਿੰਘ ਨੇ ਦੱਸਿਆ ਕਿ ਸਰਦਾਰ ਮਨਦੀਪ (25), ਅਰਸ਼ਦੀਪ (29) ਅਤੇ ਗਗਨਦੀਪ (24) ਆਪਣਾ ਵਾਹਨ ਰੋਕ ਕੇ ਸੜਕ ਕਿਨਾਰੇ ਖਾਣਾ ਖਾਣ ਲੱਗੇ, ਉਦੋਂ ਹਰਿਦੁਆਰ ਵਲੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਤਿੰਨਾਂ ਨੂੰ ਕੁਚਲ ਦਿੱਤਾ। ਉਨ੍ਹਾਂ ਦੱਸਿਆ ਕਿ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਅਨੁਸਾਰ ਗਗਨਦੀਪ ਪਟਿਆਲਾ, ਅਰਸ਼ਦੀਪ ਤੇ ਮਨਦੀਪ ਫਿਰੋਜ਼ਪੁਰ ਦੇ ਰਹਿਣ ਵਾਲੇ ਸਨ। ਪੁਲਸ ਨੇ ਕਾਰ ਜ਼ਬਤ ਕਰ ਲਈ ਹੈ। ਹਾਲਾਂਕਿ ਕਾਰ ਡਰਾਈਵਰ ਮੌਕੇ 'ਤੇ ਫਰਾਰ ਹੋਣ 'ਚ ਸਫ਼ਲ ਰਿਹਾ। ਏਐੱਸਪੀ ਨੇ ਦੱਸਿਆ ਕਿ ਪੁਲਸ ਡਰਾਈਵਰ ਦੀ ਭਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਮਾਮਲੇ 'ਚ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ।