- Updated: July 14, 2026 04:50 PM
ਗੋਲੀਬਾਰੀ ਦੀ ਇਕ ਘਟਨਾ ਨੇ ਸ਼ਹਿਰ ਵਿਚ ਕਾਨੂੰਨ ਵਿਵਸਥਾ ਨੂੰ ਚੁਣੌਤੀ ਦਿੱਤੀ ਹੈ। ਜਾਣਕਾਰੀ ਅਨੁਸਾਰ ਕੁਲਰੀਆਂ ਦਾ ਰਹਿਣ ਵਾਲਾ ਅਕਾਲੀ ਆਗੂ ਦਲਵੀਰ ਸਿੰਘ ਉਰਫ਼ ਕਾਲਾ ਜਵੰਦਾ ਜੋ ਲੰਬੇ ਸਮੇਂ ਤੋਂ ਬਰੇਟਾ ਮੰਡੀ ਵਿਚ ਇਕ ਆੜ੍ਹਤ ਦੀ ਦੁਕਾਨ ਚਲਾ ਰਿਹਾ ਹੈ। ਸੋਮਵਾਰ ਦੀ ਸ਼ਾਮ 7 ਵਜੇ ਦੇ ਕਰੀਬ ਜਦੋਂ ਅਕਾਲੀ ਆਗੂ ਆਪਣੇ ਪਿੰਡ ਕੁਲਰੀਆਂ ਵਾਪਸ ਜਾਣ ਲਈ ਆਪਣੀ ਕਾਰ 'ਤੇ ਸਵਾਰ ਹੋਣ ਹੀ ਵਾਲਾ ਸੀ ਤਾਂ ਇਕ ਨੌਜਵਾਨ ਮੋਟਰਸਾਈਕਲ 'ਤੇ ਆਇਆ ਅਤੇ ਜਿਸਨੇ ਅਕਾਲੀ ਆਗੂ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਅਕਾਲੀ ਆਗੂ ਦੀ ਛਾਤੀ ਵਿਚ ਜਾ ਲੱਗੀ। ਪੀੜਤ ਨੂੰ ਇਕੱਠੇ ਹੋਏ ਲੋਕਾਂ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਬੁਢਲਾਡਾ ਲਿਜਾਇਆ ਗਿਆ। ਬਾਅਦ ਵਿਚ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਇਕ ਅਣਪਛਾਤੇ ਹਮਲਾਵਰ ਵੱਲੋਂ ਕੀਤੀ ਗਈ ਗੋਲੀਬਾਰੀ ਨੇ ਇਲਾਕੇ ਵਿਚ ਦਹਿਸ਼ਤ ਫੈਲਾ ਦਿੱਤੀ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ, ਜਿਸਨੇ ਸਬੂਤ ਇਕੱਠੇ ਕੀਤੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਹਮਲੇ ਦੇ ਮਕਸਦ ਦਾ ਅਜੇ ਤੱਕ ਅਧਿਕਾਰਤ ਤੌਰ 'ਤੇ ਖੁਲਾਸਾ ਨਹੀਂ ਹੋਇਆ ਹੈ। ਸ਼ਰੇਆਮ ਵਾਪਰੀ ਇਸ ਘਟਨਾ 'ਤੇ ਸਥਾਨਕ ਲੋਕਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਸ਼ਹਿਰ ਵਿਚ ਸੁਰੱਖਿਆ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਹੀ ਫੜਨ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।