"ਅਮਰਜੀਤ ਸਿੰਘ ਚਾਵਲਾ ਨੂੰ ਸੋਚੀ-ਸਮਝੀ ਸਾਜ਼ਿਸ਼ ਤਹਿਤ ਫਸਾਇਆ ਗਿਆ: ਮਹਿਤਾ ਤੇ ਢੋਟ"

ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ’ਤੇ ਇਕ ਔਰਤ ਵਲੋਂ ਬਲਾਤਕਾਰ ਕਰਨ ਦੇ ਲਗਾਏ ਦੋਸ਼ਾਂ ਦੇ ਮਾਮਲੇ ’ਚ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਤੇ ਫੈਡਰੇਸ਼ਨ ਮਹਿਤ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਇਸ ਸਾਰੇ ਘਟਨਾਚੱਕਰ ਨੂੰ ਇਕ ਡੂੰਗੀ ਸਾਜਿਸ਼ ਕਰਾਰ ਦਿਤਾ। ਭਾਈ ਰਜਿੰਦਰ ਸਿੰਘ ਮਹਿਤਾ ਤੇ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਸਿੱਖ ਕੋਮ ਦੀ ਚੜਦੀ ਕਲਾ ਲਈ ਲੰਮਾ ਸਮਾਂ ਜੇਲ ਕੱਟਣ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਉਚ ਅਹੁਦਿਆਂ ’ਤੇ ਰਹਿ ਕੇ ਪਾਰਟੀ ਅਤੇ ਪੰਥ ਦੀ ਸੇਵਾ ਨਿਭਾਉਣ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਜਿਹਾ ਬੱਜਰ ਗੁਨਾਹ ਕਦੇ ਸੁਪਨੇ ’ਚ ਵੀ ਨਹੀ ਕਰ ਸਕਦੇ, ਉਨਾ ਨੂੰ ਇਕ ਔਰਤ ਦਾ ਸਹਾਰਾ ਲੈ ਕੇ ਗਿਣੀਮਿਥੀ ਸਾਜਿਸ਼ ਤਹਿਤ ਫਸਾਇਆ ਗਿਆ ਹੈ ਜਿਸ ਦਾ ਸਾਰਾ ਸੱਚ ਛੇਤੀ ਹੀ ਲੋਕਾਂ ਦੇ ਸਾਹਮਣੇ ਆ ਜਾਵੇਗਾ। 

ਭਾਈ ਮਹਿਤਾ ਤੇ ਢੋਟ ਨੇ ਕਿਹਾ ਕਿ ਅਗਾਮੀ ਚੋਣਾ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਅਕਸ ਨੂੰ ਢਾਹ ਲਗਾਉਣ ਲਈ ਵਿਰੋਧੀਆਂ ਨੂੰ ਇੰਨੇ ਨੀਵੇਂ ਪੱਧਰ ਦੀ ਰਾਜਨੀਤੀ ਨਹੀ ਕਰਨੀ ਚਾਹੀਦੀ ਹੈ ਕਿ ਕਿਸੇ ਦੀ ਕਿਰਦਾਰਕੁਸ਼ੀ ਹੀ ਕਰ ਦਿਤੀ ਜਾਵੇ। ਭਾਈ ਮਹਿਤਾ ਤੇ ਢੋਟ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ, ਸਾਨੂੰ ਪੂਰਨ ਭਰੋਸਾ ਹੈ ਕਿ ਇਸ ਜਾਂਚ ਦੌਰਾਨ ਭਾਈ ਚਾਵਲਾ ਬੇਕਸੂਰ ਸਾਬਤ ਹੋਣਗੇਂ ਅਤੇ ਉਨਾ ਖਿਲਾਫ ਸਾਜਿਸ਼ਾਂ ਰਚਣ ਵਾਲੇ ਅਨਸਰਾਂ ਦੇ ਚਹਿਰੇ ਨੰਗੇ ਹੋਣਗੇਂ। ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਫੈਡਰੇਸ਼ਨ ਮਹਿਤਾ ਦੇ ਚੀਫ ਆਰਗੇਨਾਈਜ਼ਰ ਭਾਈ ਮੇਜਰ ਸਿੰਘ ਖਾਲਸਾ, ਗਗਨਦੀਪ ਸਿੰਘ, ਮਨਦੀਪ ਸਿੰਘ ਖਾਲਸਾ, ਐਡਵੋਕੇਟ ਇੰਦਰਜੀਤ ਸਿੰਘ ਅੜੀ, ਬਲਜੀਤ ਸਿੰਘ ਬੀਤਾ, ਕੁਲਵਿੰਦਰ ਸਿੰਘ ਢੋਟ, ਸ਼ਿਸ਼ਪਾਲ ਸਿੰਘ ਮੀਰਾਂਕੋਟ, ਕੁਲਬੀਰ ਸਿੰਘ ਵਿੱਕੀ, ਮਨਜੀਤ ਸਿੰਘ ਜੋੜਾ ਫਾਟਕ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।