ਸੀਨੀਅਰ ਪੱਤਰਕਾਰ ਦੀ ਅੰਮ੍ਰਿਤਸਰ ਏਅਰਪੋਰਟ ਰੋਡ ''ਤੇ ਵਾਪਰੇ ਭਿਆਨਕ ਹਾਦਸੇ ''ਚ ਹੋਈ ਮੌਤ

ਸੀਨੀਅਰ ਪੱਤਰਕਾਰ ਦੀ ਅੰਮ੍ਰਿਤਸਰ ਏਅਰਪੋਰਟ ਰੋਡ ''ਤੇ ਵਾਪਰੇ ਭਿਆਨਕ ਹਾਦਸੇ ''ਚ ਹੋਈ ਮੌਤ

ਅੰਮ੍ਰਿਤਸਰ ਵਿਚ ਵਾਪਰੇ ਭਿਆਨਕ ਹਾਦਸੇ ਦੌਰਾਨ ਸੀਨੀਅਰ ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਰਜੀਤ ਗਰੇਵਾਲ ਖ਼ਬਰ ਦੀ ਕਵਰੇਜ ਲਈ ਏਅਰਪੋਰਟ ਰੋਡ ਵੱਲ ਜਾ ਰਹੇ ਸਨ। ਮੌਕੇ ’ਤੇ ਮੌਜੂਦ ਚਸ਼ਮਦੀਦਾਂ ਅਨੁਸਾਰ ਰਾਜਸਥਾਨ ਤੋਂ ਆਏ ਇਕ ਤੇਜ਼ ਰਫ਼ਤਾਰ ਟਰੱਕ ਦੇ ਡਰਾਈਵਰ ਨੇ ਬਿਨਾਂ ਸਾਈਡ ਵੇਖੇ ਅਚਾਨਕ ਟਰੱਕ ਮੋੜ ਦਿੱਤਾ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ। ਟਰੱਕ ਦੀ ਚਪੇਟ ’ਚ ਆਉਣ ਨਾਲ ਹਰਜੀਤ ਸਿੰਘ ਗਰੇਵਾਲ ਗੰਭੀਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।

ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਵੱਲੋਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਇਲਾਕਾ ਨਿਵਾਸੀਆਂ ਦੀ ਸੂਝ-ਬੂਝ ਨਾਲ ਡਰਾਈਵਰ ਅਤੇ ਉਸ ਦੇ ਹੈਲਪਰ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਡਰਾਈਵਰ ਅਤੇ ਹੈਲਪਰ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਕਰੀਬ 44 ਸਾਲਾ ਹਰਜੀਤ ਸਿੰਘ ਗਰੇਵਾਲ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਏ ਹਨ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।